ਨਿਰਭਯਾ ਮਾਮਲਾ- ਦੋਸ਼ੀ ਵਿਨੈ ਨੇ ਫਾਂਸੀ ਤੋਂ ਬਚਣ ਲਈ ਚੱਲੀ ਨਵੀਂ ਚਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਵਾਰ ਨਾਲ ਮਾਰਿਆ ਸਿਰ, ਹੋਇਆ ਜ਼ਖਮੀ

Photo

ਨਵੀਂ ਦਿੱਲੀ: ਤਿਹਾੜ ਜੇਲ੍ਹ ਵਿਚ ਮੌਤ ਦੀ ਸਜ਼ਾ ਭੁਗਤ ਰਹੇ ਨਿਰਭਯਾ ਦੇ ਦੋਸ਼ੀ ਵਿਨੈ ਨੇ ਜੇਲ੍ਹ ਵਿਚ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਨਿਰਭਯਾ ਦੇ ਦੋਸ਼ੀਆਂ ਵਿਚੋਂ ਇਕ ਵਿਨੈ ਨੇ ਜੇਲ੍ਹ ਵਿਚ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿਚ ਉਸ ਨੂੰ ਮਾਮੂਲੀ ਜਿਹੀ ਸੱਟ ਲੱਗੀ ਹੈ।

ਨਿਊਜ਼ ਏਜੰਸੀ ਮੁਤਾਬਕ ਤਿਹਾੜ੍ਹ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ 16 ਫਰਵਰੀ ਨੂੰ ਨਿਰਭਯਾ ਦੇ ਦੋਸ਼ੀ ਵਿਨੈ ਨੇ ਜੇਲ੍ਹ ਦੀ ਦੀਵਾਰ ਨਾਲ ਸਿਰ ਮਾਰਿਆ, ਜਿਸ ਨਾਲ ਉਸ ਦੇ ਮਾਮੂਲੀ ਸੱਟ ਲੱਗੀ ਹੈ। ਦਰਅਸਲ ਦੋਸ਼ੀ ਵਿਨੈ ਦੇ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ ਵਿਨੈ ਸ਼ਰਮਾ ਦੀ ਪਟੀਸ਼ਨ ਨੂੰ ਖਾਰਜ ਕਰ ਕੇ ਉਸ ਦੀ ਫਾਂਸੀ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਜਿਸ ਵਿਚ ਰਾਸ਼ਟਰਪਤੀ ਵੱਲੋਂ ਉਸ ਦੀ ਰਹਿਮ ਪਟੀਸ਼ਨ ਦੀ ਨਾਮਨਜ਼ੂਰੀ ਨੂੰ ਚੁਣੌਤੀ ਦਿੱਤੀ ਗਈ ਸੀ।

ਦੱਸ ਦਈਏ ਕਿ ਬੀਤੇ ਦਿਨੀਂ ਫਾਂਸੀ ਤੋਂ ਬਚਣ ਲਈ ਨਿਰਭਯਾ ਦਾ ਦੋਸ਼ੀ ਵਿਨੈ ਨਵਾਂ ਤਰੀਕਾ ਅਪਣਾਉਂਦੇ ਹੋਏ ਭੁੱਖ ਹੜ੍ਹਤਾਲ ‘ਤੇ ਬੈਠ ਗਿਆ ਸੀ। ਹਾਲਾਂਕਿ ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਕਾਨੂੰਨ ਅਨੁਸਾਰ ਵਿਨੈ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਿਰਭਯਾ ਦੇ ਚਾਰ ਦੋਸ਼ੀਆਂ ਨੂੰ ਤਿੰਨ ਮਾਰਚ ਸਵੇਰੇ ਛੇ ਵਜੇ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ।

ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਚਾਰੇ ਦੋਸ਼ੀਆਂ- ਮੁਕੇਸ਼ ਕੁਮਾਰ ਸਿੰਘ (32), ਪਵਨ ਗੁਪਤਾ (25), ਵਿਨੈ ਕੁਮਾਰ ਸ਼ਰਮਾ (26) ਅਤੇ ਅਕਸ਼ੈ ਕੁਮਾਰ (31) ਨੂੰ ਫਾਂਸੀ ਦੇਣ ਲਈ ਇਹ ਡੈੱਥ ਵਾਰੰਟ ਜਾਰੀ ਕੀਤਾ ਹੈ। ਇਹ ਤੀਜੀ ਵਾਰ ਹੈ ਕਿ ਇਹਨਾਂ ਚਾਰੇ ਦੋਸ਼ੀਆਂ ਲਈ ਡੈੱਥ ਵਾਰੰਟ ਜਾਰੀ ਕੀਤੇ ਗਏ ਹਨ।

ਸਭ ਤੋਂ ਪਹਿਲਾਂ ਫਾਂਸੀ ਦੀ ਤਰੀਕ 22 ਜਨਵਰੀ ਤੈਅ ਕੀਤੀ ਗਈ ਸੀ। ਪਰ 17 ਜਨਵਰੀ ਦੇ ਆਦੇਸ਼ ਤੋਂ ਬਾਅਦ ਇਸ ਨੂੰ ਟਾਲ ਕੇ ਇਕ ਫਰਵਰੀ ਸਵੇਰੇ ਛੇ ਵਜੇ ਕੀਤਾ ਗਿਆ ਸੀ। ਫਿਰ 31 ਜਨਵਰੀ ਨੂੰ ਹੇਠਲੀ ਅਦਾਲਤ ਨੇ ਅਗਲੇ ਆਦੇਸ਼ ਤੱਕ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਸੀ ਕਿਉਂਕਿ ਉਹਨਾਂ ਦੇ ਸਾਰੇ ਕਾਨੂੰਨੀ ਵਿਕਲਪ ਖਤਮ ਨਹੀਂ ਹੋਏ ਸਨ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ 16 ਦਸੰਬਰ, 2012 ਦੀ ਰਾਤ 23 ਸਾਲ ਦੀ ਪੈਰਾਮੈਡੀਕਲ ਵਿਦਿਆਰਥਣ ਨਿਰਭਯਾ ਦੇ ਨਾਲ ਚਲਦੀ ਬੱਸ ਵਿਚ ਬਹੁਤ ਹੀ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੀੜਤ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।