ਪਰਮਜੀਤ ਸਰਨਾ ਨੇ ਕੁਰੂਕਸ਼ੇਤਰ ਘਟਨਾ ਦੀ ਕੀਤੀ ਨਿਖੇਧੀ, ਮਨੋਹਰ ਲਾਲ ਖੱਟਰ ਨੂੰ ਦਿੱਤੀ ਇਹ ਸਲਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਦੇ ਸਮੇਂ ਮੁੜ ਤੋਂ ਨਰੈਣੂ ਮਹੰਤ ਦੇ ਵਾਰਿਸ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਸਾਡੇ ਪਵਿੱਤਰ ਗੁਰਧਾਮਾਂ ਤੇ ਕਬਜ਼ੇ ਕਰ ਰਹੇ ਹਨ।

Paramjit Sarna

ਨਵੀਂ ਦਿੱਲੀ - ਕੁਰੂਕਸ਼ੇਤਰ 'ਚ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੋਏ ਹੰਗਾਮੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਨਿਖੇਧੀ ਕੀਤੀ ਹੈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੇ ਕਿੰਨੀਆਂ ਕੁਰਬਾਨੀਆਂ ਤੇ ਸਿਦਕੀ ਸੰਘਰਸ਼ ਤੋਂ ਬਾਅਦ ਅੱਜ ਤੋਂ 102 ਸਾਲ ਪਹਿਲਾ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ ਸੀ ਪਰ ਅੱਜ ਦੇ ਸਮੇਂ ਮੁੜ ਤੋਂ ਨਰੈਣੂ ਮਹੰਤ ਦੇ ਵਾਰਿਸ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਸਾਡੇ ਪਵਿੱਤਰ ਗੁਰਧਾਮਾਂ ਤੇ ਕਬਜ਼ੇ ਕਰ ਰਹੇ ਹਨ।

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ, ਹਰਿਆਣਾ ਵਿਖੇ ਮਹੰਤ ਕਰਮਜੀਤ ਸਿੰਘ ਨੇ ਸਰਕਾਰੀ ਸ਼ਹਿ ਦੇ ਚੱਲਦਿਆਂ ਜੋ ਗੁਰੂ ਕੀ ਗੋਲਕ ਅਤੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਦੇ ਤਾਲੇ ਤੋੜ ਕੇ ਕਬਜ਼ਾ ਕੀਤਾ ਹੈ। ਇਹ ਬਹੁਤ ਹੀ ਮੰਦਭਾਗੀ ਤੇ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਤੇ ਹਰ ਪਾਸਿਓਂ ਪੰਥ ਦੋਖੀ ਤਾਕਤਾਂ ਹਮਲੇ ਕਰ ਰਹੀਆਂ ਹਨ। ਅਜਿਹੇ ਵਿਚ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ‘ਚ ਸਰਕਾਰੀ ਸਰਪ੍ਰਸਤੀ ਵਿਚ ਹੋਈ ਇਹ ਗੁੰਡਾਗਰਦੀ ਸਾਬਤ ਕਰਦੀ ਹੈ ਕਿ ਨਰੈਣੂ ਮਹੰਤ ਦੀ ਰੂਹ ਅੱਜ ਦੇ ਅਖੌਤੀ ਮਸੰਦਾਂ ‘ਚ ਆ ਚੁੱਕੀ ਹੈ। ਜਿਹੜੀ ਆਪਣੇ ਨਿੱਜੀ ਲਾਲਚਾਂ ਤੇ ਲਾਲਸਾਵਾਂ ਕਾਰਨ ਕੁਹਾੜੇ ਦੇ ਦਸਤੇ ਬੁਣ ਰਹੇ ਹਨ।

 ਇਹਨਾਂ ਅੱਜ ਦੇ ਮਸੰਦਾਂ ਤੇ ਮਹੰਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਪਰਿਵਾਰ ਵਿਚ ਜਨਮ ਲੈਂਦਾ ਬੱਚਾ ਵੀ ਨਰੈਣੂ ਮਹੰਤ ਨੂੰ ਨਫ਼ਰਤ ਕਰਦਾ ਹੈ ਭੁੱਲਣਾ ਕੌਮ ਨੇ ਅੱਜ ਦੇ ਨਰੈਣੂ ਮਹੰਤ ਦੇ ਵਾਰਸਾਂ ਕਰਮਜੀਤ ਸਿੰਘ ਵਰਗਿਆਂ ਨੂੰ ਵੀ ਨਹੀਂ, ਇਸ ਕਰਕੇ ਇਹ ਪੰਥ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗ ਕੇ ਇਸ ਪਾਪ ਤੋਂ ਬਚਣ। ਪਰਮਜੀਤ ਸਰਨਾ ਨੇ ਆਖਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਸਰਕਾਰ ਨੇ ਸਾਡੇ ਗੁਰਧਾਮਾਂ ਤੇ ਅਸਿੱਧੇ ਤਰੀਕੇ ਨਾਲ ਕਬਜ਼ਾ ਕੀਤਾ ਹੋਵੇ। ਅਸੀ ਸਾਰੇ ਜਾਣਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪੰਥ ਦੀ ਮਾਣ ਮੱਤੀ ਸੰਸਥਾ ਉੱਪਰ ਵੀ ਹਰਮੀਤ ਸਿੰਘ ਕਾਲਕਾ ਵਰਗੇ ਬੰਦੇ ਨਿਯਮਾਂ ਦੇ ਉਲਟ ਸਰਕਾਰੀ ਸ਼ਹਿ ਕਾਰਨ ਹੀ ਕਾਬਜ਼ ਹੋਏ ਹਨ।  

ਪਰ ਇਹਨਾਂ ਸਾਰਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰੀ ਸਰਪ੍ਰਸਤੀ ਨਾਲ ਇਹ ਵਕਤੀ ਤੌਰ ਤੇ ਭਾਵੇਂ ਗੁਰਧਾਮਾਂ ਉੱਪਰ ਕਬਜ਼ੇ ਕਰ ਲੈਣ ਪਰ ਸੰਗਤ ਇਹਨਾਂ ਦਾ ਹਸ਼ਰ ਵੀ ਨਰੈਣੂ ਮਹੰਤ ਵਰਗਾ ਹੀ ਕਰੇਗੀ। ਚਾਹੇ ਮਹੰਤ ਕਰਮਜੀਤ ਸਿੰਘ ਹੋਵੇ ਜਾਂ ਦਿੱਲੀ ਦੇ ਗੁਰਧਾਮਾਂ ਤੇ ਕਾਬਜ਼ ਸਿਰਸਾ-ਕਾਲਕਾ ਜੋੜੀ ਹੋਵੇ। ਜੇਕਰ ਇਹਨਾਂ ਨੂੰ ਜ਼ਰਾ ਜਿੰਨਾ ਵੀ ਗੁਰੂ ਸਾਹਿਬ ਦਾ ਭੈਅ ਹੈ ਤਾਂ ਆਪਣੀ ਭੁੱਲ ਬਖ਼ਸ਼ਾਉਂਦੇ ਹੋਏ। ਸੰਗਤ ਦੀ ਹਜ਼ੂਰੀ 'ਚ ਅਸਤੀਫ਼ੇ ਦਿੰਦੇ ਹੋਏ ਸੰਗਤ ਦੀ ਕਚਹਿਰੀ ‘ਚ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਮਹੰਤਾਂ ਤੋਂ ਦੂਰ ਰਹਿਣ ਕਿਉਂਕਿ ਇਹ ਸਿੱਖਾਂ ਨੂੰ ਜੋੜ ਨਹੀਂ ਤੋੜ ਰਹੇ ਹਨ।