Chemical Gas Leak: ਫਾਰਮਾ ਇੰਡਸਟਰੀ ਵਿਚ ਕੈਮੀਕਲ ਲੀਕ ਹੋਣ ਕਾਰਨ 14 ਕਰਮਚਾਰੀ ਬੇਹੋਸ਼; 9 PGI ਰੈਫਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਜ਼ਦੂਰਾਂ ਵਿਚ ਔਰਤਾਂ ਵੀ ਸ਼ਾਮਲ

Pharma Factory Chemical Gas Leak

Chemical Gas Leak : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਝਾੜਮਾਜਰੀ ਵਿਚ ਨਿਕਵਿਨ ਹੈਲਥ ਕੇਅਰ ਫਾਰਮਾ ਇੰਡਸਟਰੀ ਵਿਚ ਕੈਮੀਕਲ ਲੀਕ ਹੋਣ ਕਾਰਨ 14 ਕਰਮਚਾਰੀ ਬੇਹੋਸ਼ ਹੋ ਗਏ। ਇਨ੍ਹਾਂ ਵਿਚੋਂ 9 ਮਜ਼ਦੂਰਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ, ਜਦਕਿ 5 ਦਾ ਝਾੜਮਾਜਰੀ ਸਥਿਤ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਤਹਿਸੀਲਦਾਰ ਬੱਦੀ ਰਾਜੇਸ਼ ਜਰਿਆਲ ਨੇ ਦਸਿਆ ਕਿ ਹੁਣ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦਸਿਆ ਕਿ ਨਿਕਵਿਨ ਫੈਕਟਰੀ ਵਿਚ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੱਲ੍ਹ ਫੈਕਟਰੀ ਦੇ ਕਰਮਚਾਰੀ ਪਹਿਲੀ ਤੋਂ ਦੂਜੀ ਮੰਜ਼ਿਲ ਤਕ ਕੈਮੀਕਲ ਦੇ ਡਰੰਮ ਲੈ ਕੇ ਜਾ ਰਹੇ ਸਨ। ਇਸ ਦੌਰਾਨ ਲਿਫਟ 'ਚ ਕਰੰਟ ਲੱਗਣ ਕਾਰਨ ਡਰੰਮ ਡਿੱਗ ਗਿਆ।

ਇਸ ਦੀ ਗੈਸ ਕਾਰਨ ਮਜ਼ਦੂਰ ਬੇਹੋਸ਼ ਹੋ ਗਏ। ਫੈਕਟਰੀ ਦੇ ਠੇਕੇਦਾਰ ਅਤੇ ਸੁਪਰਵਾਈਜ਼ਰ ਨੇ ਤੁਰੰਤ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਹੁਣ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

12 ਮਜ਼ਦੂਰਾਂ ਵਿਚ 10 ਔਰਤਾਂ ਅਤੇ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ। ਡਰੰਮ ਵਿਚ ਮਿਥਾਈਲੀਨ ਕਲੋਰਾਈਡ ਸੋਲਵੇਂਟ ਕੈਮੀਕਲ ਸੀ। ਇਸ ਦੀ ਗੈਸ ਵਿਚ ਸਾਹ ਲੈਣ ਨਾਲ ਮਜ਼ਦੂਰ ਬੇਹੋਸ਼ ਹੋ ਗਏ। ਬੇਹੋਸ਼ ਹੋਏ ਵਰਕਰਾਂ ਵਿਚ ਇਕਰਾ, ਹੇਮਲਤਾ, ਇਜਮਾ, ਨਨੀ, ਤਬੱਸੁਮ, ਸ਼ਿਵਮ, ਵਿਸ਼ਨੂੰ, ਗੁਲਕਸ਼ਾ, ਗਾਇਤਰੀ, ਸੱਬੂ ਅਤੇ ਰੀਟਾ ਸ਼ਾਮਲ ਹਨ।

ਇਸ ਦੇ ਨਾਲ ਹੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਹਾਲਾਂਕਿ ਹੁਣ ਤਕ ਦੀ ਜਾਂਚ 'ਚ ਕੋਈ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਹੈ ਅਤੇ ਮਜ਼ਦੂਰਾਂ ਨੇ ਵੀ ਬਿਆਨ ਦਿਤਾ ਹੈ ਕਿ ਕੈਮੀਕਲ ਨੂੰ ਉਪਰਲੀ ਮੰਜ਼ਿਲ 'ਤੇ ਲਿਜਾਂਦੇ ਸਮੇਂ ਹੇਠਾਂ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ।

(For more Punjabi news apart from Pharma Factory Chemical Gas Leak , stay tuned to Rozana Spokesman)