ਮਾਰੇ ਜਾ ਚੁੱਕੇ ਹਨ ਇਰਾਕ 'ਚ ਲਾਪਤਾ ਹੋਏ 39 ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਰੇ ਜਾ ਚੁੱਕੇ ਹਨ ਇਰਾਕ 'ਚ ਲਾਪਤਾ ਹੋਏ 39 ਭਾਰਤੀ

39 missing Indians dead in Iraq

ਨਵੀਂ ਦਿੱਲੀ : ਬਹੁਤ ਹੀ ਦੁਖਦਾਈ ਖ਼ਬਰ ਹੈ ਕਿ 3 ਸਾਲ ਪਹਿਲਾਂ ਜਿਹੜੇ 39 ਭਾਰਤੀ ਇਰਾਕ ਵਿਚ ਲਾਪਤਾ ਹੋ ਗਏ ਸਨ, ਉਹ ਮਾਰੇ ਜਾ ਚੁੱਕੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਭਰੇ ਮਨ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਬਹੁਤ ਭਰੇ ਮਨ ਨਾਲ 3 ਸਾਲ ਬਾਅਦ 39 ਭਾਰਤੀਆਂ ਦੇ ਇਰਾਕ 'ਚ ਮਾਰੇ ਜਾਣ ਦੀ ਖ਼ਬਰ ਦੀ ਮੈਂ ਪੁਸ਼ਟੀ ਕਰਦੀ ਹਾਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਰੇ ਮ੍ਰਿਤਕ ਲੋਕਾਂ ਦੇ ਡੀ.ਐੱਨ.ਏ. ਮਿਲ ਗਏ ਹਨ। ਮ੍ਰਿਤਕਾਂ ਦੇ ਸਰੀਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ।

ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਹੀ ਸਦਨ 'ਚ ਕਿਹਾ ਸੀ ਕਿ ਜਦੋਂ ਤੱਕ ਮੈਨੂੰ ਪੱਕ ਤੌਰ 'ਤੇ ਕੋਈ ਸਬੂਤ ਨਹੀਂ ਮਿਲ ਜਾਂਦਾ, ਉਨਾ ਸਮਾਂ ਲਾਪਤਾ ਲੋਕਾਂ ਨੂੰ ਮ੍ਰਿਤਕ ਐਲਾਨ ਨਹੀਂ ਸਕਦੀ ਪਰ ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਉਹ 39 ਭਾਰਤੀ ਇਰਾਕ ਵਿਚ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਇਰਾਕ ਸਰਕਾਰ ਨੇ ਇਹ ਸੂਚਨਾ ਦਿੰਦਿਆਂ ਦੱਸਿਆ ਕਿ 38 ਲੋਕਾਂ ਦੇ ਡੀਐੱਨਏ 100 ਫ਼ੀ ਸਦ ਮਿਲ ਗਏ ਹਨ ਅਤੇ ਇਕ ਵਿਅਕਤੀ ਦਾ 70 ਫ਼ੀਸਦੀ ਤੱਕ ਡੀ.ਐੱਨ.ਏ. ਮਿਲ ਗਿਆ। 

ਉਨ੍ਹਾਂ ਦੱਸਿਆ ਕਿ ਜਨਰਲ ਵੀ.ਕੇ. ਸਿੰਘ ਮਾਰਟੀਅਸ ਫਾਊਂਡੇਸ਼ਨ ਦੇ ਸਰਟੀਫਿਕੇਟ ਨਾਲ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲੈ ਕੇ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਵਿਖੇ ਉਤਰੇਗਾ। ਇਨ੍ਹਾਂ ਮ੍ਰਿਤਕ ਭਾਰਤੀਆਂ ਵਿਚ 31 ਲੋਕ ਹਿਮਾਚਲ ਅਤੇ ਪੰਜਾਬ ਦੇ ਹਨ ਜਦੋਂ ਕਿ ਬਾਕੀ ਪਟਨਾ ਅਤੇ ਕੋਲਕਾਤਾ ਦੇ ਹਨ। 

ਸੁਸ਼ਮਾ ਸਵਰਾਜ ਨੇ ਕਿਹਾ ਕਿ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਮੇਰੇ ਸਹਿਯੋਗੀ ਜਨਰਲ ਵੀ.ਕੇ. ਸਿੰਘ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਉਨ੍ਹਾਂ ਨੇ ਕਈ ਵਾਰ ਮੋਸੂਲ ਅਤੇ ਬਗ਼ਦਾਦ ਦੇ ਦੌਰੇ ਕੀਤੇ ਅਤੇ ਇਰਾਕ ਦੇ ਪਿੰਡ-ਪਿੰਡ ਤਕ ਪੁੱਜ ਕੇ ਇਸ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਜਨਰਲ ਸਿੰਘ ਪਿੰਡ ਦੇ ਇਕ ਛੋਟੇ ਕਮਰੇ 'ਚ ਜ਼ਮੀਨ 'ਤੇ ਸੁੱਤੇ ਪਰ ਲਾਪਤਾ ਲੋਕਾਂ ਦੇ ਮ੍ਰਿਤਕ ਹੋਣ ਦਾ ਪੂਰਾ ਪ੍ਰਮਾਣ ਲੈ ਕੇ ਹੀ ਪਰਤੇ। ਉਨ੍ਹਾਂ ਨੇ ਇਰਾਕ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਸ ਨੇ ਭਾਰਤ ਦੀ ਅਪੀਲ ਨੂੰ ਸਵੀਕਾਰ ਕੀਤਾ।