ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਸੌਦਾ ਸਾਧ ਦੇ ਚੇਲੇ ਕਿਸ ਪਾਸੇ ਖਲੋਣਗੇ?
ਬਾਬਾ ਗੁਰਮੀਤ ਸਿੰਘ ਰਾਮ ਰਹੀਮ ਨੂੰ ਜਨਸੀ ਸੋਸ਼ਣ ਦੇ ਮਾਮਲੇ ਵਿਚ ਸਜ਼ਾ ਹੋਣ ਦੇ ਫ਼ੈਸਲੇ ਦੀਆਂ ਕਨਸੋਆਂ ਆਮ ਲੋਕਾਂ ਵਿਚ ਚੱਲ ਰਹੀਆਂ ਹਨ।
ਪਟਿਆਲਾ, 23 ਅਗੱਸਤ (ਰਣਜੀਤ ਰਾਣਾ ਰੱਖੜਾ): ਬਾਬਾ ਗੁਰਮੀਤ ਸਿੰਘ ਰਾਮ ਰਹੀਮ ਨੂੰ ਜਨਸੀ ਸੋਸ਼ਣ ਦੇ ਮਾਮਲੇ ਵਿਚ ਸਜ਼ਾ ਹੋਣ ਦੇ ਫ਼ੈਸਲੇ ਦੀਆਂ ਕਨਸੋਆਂ ਆਮ ਲੋਕਾਂ ਵਿਚ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਚੇਲਿਆਂ ਵਲੋਂ ਸੌਦਾ ਸਾਧ ਨੂੰ ਸਜ਼ਾ ਸੁਣਾਉਂਦਿਆਂ ਹੀ ਪ੍ਰਸ਼ਾਸਨ ਅਤੇ ਆਮ ਲੋਕਾਂ ਨਾਲ ਟਕਰਾਅ ਹੋਣ ਦੀ ਚੇਤਾਵਨੀ ਦਿਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਥਾਨਕ ਪੁਲਿਸ ਨੂੰ ਪੂਰੀ ਚੌਕਸੀ ਰੱਖਣ ਦੇ ਹੁਕਮ ਦਿਤੇ ਹਨ, ਉਥੇ ਹੀ ਪੈਰਾ ਮਿਲਟਰੀ ਫ਼ੋਰਸਾਂ ਵਲੋਂ ਫਲੈਗ ਮਾਰਚ ਕਰ ਕੇ ਜਨਤਾ ਨੂੰ ਬੇਖੌਫ਼ ਰਹਿਣ ਦਾ ਸੁਨੇਹਾ ਦਿੰਦਿਆਂ ਸੌਦਾ ਸਾਧ ਦੇ ਚੇਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਦਅਮਨੀ ਫੈਲਾਉਣ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਵੀ ਦੇ ਦਿਤੀ ਹੈ।
ਇਸ ਦੇ ਨਾਲ ਨਾਲ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਵਿਚ ਸਰਵਿਸ ਕਰਦੇ ਹਜ਼ਾਰਾਂ ਮੁਲਾਜ਼ਮ ਸੌਦਾ ਸਾਧ ਦੇ ਚੇਲੇ ਬਣੇ ਹੋਏ ਹਨ ਜਿਨ੍ਹਾਂ ਦੀ ਖੁਫੀਆ ਵਿਭਾਗ ਨਿਸ਼ਾਨਦੇਹੀ ਕਰਨ ਵਿਚ ਅਸਮਰੱਥ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੇ ਮੁਲਾਜ਼ਮ ਹੁਣ ਤੋਂ ਪਹਿਲਾਂ ਡਿਊਟੀ ਦੌਰਾਨ ਅਪਣੇ ਗਲੇ ਵਿਚ ਪਾਇਆ 1 ਨੰਬਰੀ ਲੋਕੇਟ ਬਾਹਰ ਕੱਢ ਕੇ ਰਖਦੇ ਸਨ, ਹੁਣ ਉਨ੍ਹਾਂ ਨੇ ਅਪਣੇ ਲੋਕੇਟ ਉਤਾਰ ਦਿਤੇ ਹਨ। ਇੰਨਾ ਹੀ ਨਹੀਂ ਮੁਲਾਜ਼ਮਾਂ ਦੇ ਨਾਲ ਨਾਲ ਸੌਦਾ ਸਾਧ ਦੇ ਆਮ ਚੇਲਿਆਂ ਦੇ ਗਲਾਂ ਵਿਚੋਂ ਵੀ 1 ਨੰਬਰੀ ਲੋਕੇਟ ਗ਼ਾਇਬ ਹੋ ਚੁੱਕੇ ਹਨ ਅਤੇ ਘਰੋਂ ਵੀ ਨਿਕਲਣਾ ਘਟਾ ਦਿਤਾ ਹੈ।
ਪੰਜਾਬ ਤੇ ਹਰਿਆਣਾ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ, ਉਥੇ ਹੀ ਪੰਜਾਬ ਤੇ ਹਰਿਆਣਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਅੰਦਰ ਭਰਤੀ ਸੌਦਾ ਸਾਧ ਦੇ ਚੇਲੇ ਕਿਸ ਪਾਸੇ ਖੜਨਗੇ? ਸਾਧ ਦੇ ਚੇਲੇ ਹੋਣ ਦਾ ਪੱਖ ਪੂਰਨਗੇ ਜਾਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਸਰਕਾਰੀ ਹੁਕਮਾਂ 'ਤੇ ਫੁੱਲ ਚੜ੍ਹਾਉਣਗੇ? ਇਹ ਪਹਿਲੀ ਵਾਰ ਹੋਵੇਗਾ ਕਿ ਖੁਫੀਆ ਵਿਭਾਗ ਅਪਣੇ ਹੀ ਵਿਭਾਗ ਅੰਦਰ ਸ਼ਾਮਲ ਸੌਦਾ ਸਾਧ ਦੇ ਚੇਲਿਆਂ ਬਾਰੇ ਖੁਫੀਆ ਰੀਪੋਰਟ ਲੈਣ ਲਈ ਦੁਚਿੱਤੀ ਵਿਚ ਫਸਿਆ ਨਜ਼ਰ ਆ ਰਿਹਾ ਹੈ।
ਕੁਲ ਮਿਲਾ ਕੇ ਸਥਿਤੀ ਭਾਵੇਂ ਪਕੜ ਹੇਠ ਹੈ ਪਰ 25 ਅਗੱਸਤ ਨੂੰ ਆਉਣ ਵਾਲੇ ਸਜ਼ਾ ਦੇ ਸੰਭਾਵਤ ਫ਼ੈਸਲੇ ਉਪਰੰਤ ਹੀ ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਪਤਾ ਲੱਗੇਗਾ ਕਿ ਦੇਸ਼ ਦੀ ਨਿਆਂਪਾਲਿਕਾ ਵਲੋਂ ਦਿਤੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਵਿਚ ਸਰਕਾਰਾਂ ਅਤੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਜਾਣਾ ਚਾਹੀਦਾ ਹੈ।
ਡੱਬੀ:
ਸੋਸ਼ਲ ਮੀਡੀਆ 'ਤੇ ਦਹਿਸ਼ਤ ਫੈਲਾਉਣ ਵਾਲਿਆਂ 'ਤੇ ਹੋਵੇ ਕਾਰਵਾਈ
ਸੋਸ਼ਲ ਮੀਡੀਆ 'ਤੇ ਲਗਾਤਾਰ ਡਾਂਗਾਂ, ਸੋਟੇ ਤੇ ਹੋਰ ਹਥਿਆਰਾਂ ਨਾਲ ਲੈੱਸ ਹੋ ਕੇ ਸੌਦਾ ਸਾਧ ਦੇ ਚੇਲੇ ਸ਼ਰੇਆਮ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਜਿਸ 'ਤੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਾਇਰਲ ਹੋ ਰਹੀਆਂ, ਜੋ ਸ਼ਰੇਆਮ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਅੰਗੂਠਾ ਦਿਖਾ ਰਹੀਆਂ ਹਨ ਜਿਨ੍ਹਾਂ 'ਤੇ ਨਕੇਲ ਕੱਸਣਾ ਸਮੇਂ ਦੀ ਮੁੱਖ ਲੋੜ ਹੈ।
ਡੱਬੀ:
ਕੀ 25 ਅਗੱਸਤ ਨੂੰ ਵਿਦਿਅਕ ਅਦਾਰੇ ਹੋਣਗੇ ਬੰਦ?
ਭਾਵੇਂ ਕਿ 25 ਅਗੱਸਤ ਨੂੰ ਮਾਨਯੋਗ ਅਦਾਲਤ ਵਲੋਂ ਆਉਣ ਵਾਲੇ ਫ਼ੈਸਲੇ ਤੋਂ ਹੋਣ ਵਾਲੀ ਪ੍ਰਤੀਕ੍ਰਿਆ ਨਾਲ ਨਜਿੱਠਣ ਲਈ ਸਮੁੱਚੇ ਪ੍ਰਸ਼ਾਸਨ ਵਲੋਂ ਯੋਜਨਾਬੰਦੀ ਕੀਤੀ ਜਾ ਚੁੱਕੀ ਹੈ ਅਤੇ ਪੰਚਕੂਲਾ ਦੇ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪਰ ਪੰਜਾਬ ਅੰਦਰ ਸਥਿਤ ਸਮੁੱਚੇ ਵਿਦਿਅਕ ਅਦਾਰਿਆਂ 'ਚ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਵਰਗ ਪੜ੍ਹਾਈ ਕਰ ਰਿਹਾ ਹੈ। ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੀ ਸਰਕਾਰ ਵੀ ਛੁੱਟੀ ਦਾ ਐਲਾਨ ਕਰ ਸਕਦੀ ਹੈ।