ਸਿੱਖ ਵਫ਼ਦ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਦਿੱਲੀ ਗੁਰਦਵਾਰਾ ਕਮੇਟੀ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਚ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਸਮੇਤ ਦਾਖਲ ਹੋਣ 'ਤੇ ਲੱਗੀ ਰੋਕ ਨੂੰ..
ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਚ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਸਮੇਤ ਦਾਖਲ ਹੋਣ 'ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅਜ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਵੀ ਸੌਂਪਿਆ।
ਉਕਤ ਆਗੂਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਵਲੋਂ ਸਿੱਖ ਕਰਮਚਾਰੀਆਂ ਨੂੰ ਕ੍ਰਿਪਾਨ ਸਮੇਤ ਨਾ ਦਾਖਲ ਹੋਣ ਦੀ ਦਿੱਤੀ ਗਈ ਹਿਦਾਇਤ ਨੂੰ ਸਵਿਧਾਨ ਦੀ ਧਾਰਾ 25 ਤੋਂ ਸਿੱਖਾਂ ਨੂੰ ਪ੍ਰਾਪਤ ਹੋਈ ਧਾਰਮਕ ਆਜ਼ਾਦੀ 'ਤੇ ਹਮਲਾ, ਵਿੱਤਕਰਾ ਤੇ ਤਸ਼ੱਦਦ ਵਜੋਂ ਪਰਿਭਾਸ਼ਿਤ ਕੀਤਾ ਹੈ। ਸ. ਜੀ.ਕੇ. ਨੇ ਦੱਸਿਆ ਕਿ ਅੰਮ੍ਰਿਤਧਾਰੀ ਸਿੱਖ ਨੂੰ ਹਰ ਵੇਲੇ ਕ੍ਰਿਪਾਨ ਧਾਰਣ ਕਰਨ ਜਰੂਰੀ ਹੈ। ਕਿਉਂਕਿ ਗੁਰੂ ਸਾਹਿਬ ਵਲੋਂ ਸਾਨੂੰ ਬਖ਼ਸ਼ੇ ਗਏ ਪੰਜ ਕਕਾਰਾਂ ਦਾ ਇਹ ਇਕ ਹਿੱਸਾ ਹੈ। ਘਰੇਲੂ ਉਡਾਣ ਦੌਰਾਨ ਸਿੱਖ ਯਾਤਰੂ ਜੇਕਰ ਕ੍ਰਿਪਾਨ ਧਾਰਨ ਕਰ ਕੇ ਯਾਤਰਾ ਕਰ ਸਕਦੇ ਹਨ ਤਾਂ ਫਿਰ ਹਵਾਈ ਅੱਡਾ ਕਰਮਚਾਰੀ ਕਿਉਂ ਨਹੀਂ। ਸ. ਸਿਰਸਾ ਨੇ ਕਿਹਾ ਕਿ ਹਵਾਈ ਅੱਡੇ ਦੇ ਸਿੱਖ ਸਟਾਫ਼ ਨਾਲ ਹੋ ਰਿਹਾ ਵਿੱਤਕਰਾ ਸੰਵਿਧਾਨ ਵਲੋਂ ਮਿਲੇ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੋਣ ਦੇ ਨਾਲ ਹੀ ਆਜ਼ਾਦੀ ਨਾਲ ਅਪਣਾ ਧਰਮ ਸੰਭਾਲਣ ਦੇ ਖਿਲਾਫ਼ ਹੈ।
ਸ. ਸਿਰਸਾ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਕ੍ਰਿਪਾਨ ਸਣੇ ਕਾਰਜ ਕਰਨ ਦੇ ਮਿਲੇ ਅਧਿਕਾਰ ਦਾ ਵੀ ਹਵਾਲਾ ਦਿਤਾ। ਇਨ੍ਹਾਂ ਆਗੂਆਂ ਨੇ ਮੰਤਰੀ ਰਾਜੂ ਨੂੰ ਇਸ ਸਬੰਧੀ ਤੁਰਤ ਹਵਾਈ ਅੱਡਾ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਦੀ ਮੰਗ ਕੀਤੀ।