ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ, ਕਈ ਬਿਮਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ -ਪੁਲਿਸ 

In Bihar, 25 people died and several fell ill after consuming poisonous liquor

ਬਿਹਾਰ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਕੁਝ ਲੋਕਾਂ ਲਈ ਸੋਗ ਵਿੱਚ ਬਦਲ ਗਿਆ। ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਹੋਲੀ ਦੇ ਤਿਉਹਾਰ ਦੌਰਾਨ ਨਕਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਨਕਲੀ ਸ਼ਰਾਬ ਪੀਣ ਨਾਲ ਹੋਈ ਮੌਤ ਤੋਂ ਬਾਅਦ ਜਸ਼ਨ ਸੋਗ ਵਿੱਚ ਬਦਲ ਗਿਆ।

ਮੰਨਿਆ ਜਾ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਨ੍ਹਾਂ ਮੌਤਾਂ ਵਿੱਚੋਂ 10 ਮੌਤਾਂ ਬਾਂਕਾ ਜ਼ਿਲ੍ਹੇ ਵਿੱਚ ਹੋਈਆਂ ਹਨ। ਇੱਥੇ ਕਈ ਲੋਕ ਨਕਲੀ ਸ਼ਰਾਬ ਪੀ ਕੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਮ੍ਰਿਤਕਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਸਾਰੀਆਂ ਮੌਤਾਂ ਪਿੰਡ ਅਤੇ ਸ਼ਹਿਰ ਵਿੱਚ ਵਿਕਣ ਵਾਲੀ ਨਕਲੀ ਸ਼ਰਾਬ ਕਾਰਨ ਹੋਈਆਂ ਹਨ।

ਦੂਜੇ ਪਾਸੇ ਬਾਂਕਾ ਦੇ ਐਸਪੀ ਅਰਵਿੰਦ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਕਾਰਨ ਮੌਤ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿੱਚ ਲੋਕਾਂ ਦੀ ਮੌਤ ਹੋਈ ਹੈ, ਉਹ ਸ਼ੱਕੀ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਭਾਗਲਪੁਰ ਦੇ ਨਾਥਨਗਰ ਇਲਾਕੇ ਦੇ ਸਾਹੇਬਗੰਜ ਇਲਾਕੇ 'ਚ ਵਾਪਰੀ ਘਟਨਾ ਨੂੰ ਲੈ ਕੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹੋਲੀ ਵਾਲੇ ਦਿਨ ਸਾਰਿਆਂ ਨੇ ਸ਼ਰਾਬ ਪੀਤੀ ਸੀ।

ਮ੍ਰਿਤਕ ਵਿਨੋਦ ਯਾਦਵ ਦੀ ਪਤਨੀ ਨੇ ਮੀਡੀਆ ਨੂੰ ਦੱਸਿਆ ਕਿ ਹੋਲੀ ਵਾਲੇ ਦਿਨ ਉਸ ਦੇ ਪਤੀ ਵੱਲੋਂ ਸ਼ਰਾਬ ਪੀਣ ਤੋਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ। ਇਸ ਘਟਨਾ ਵਿੱਚ ਸੰਦੀਪ ਯਾਦਵ, ਵਿਨੋਦ ਰਾਏ, ਮਿਥੁਨ ਕੁਮਾਰ, ਨੀਲੇਸ਼ ਕੁਮਾਰ ਦੀ ਮੌਤ ਹੋ ਗਈ ਹੈ। ਉਸ ਦੇ ਨਾਲ ਹੀ ਇੱਕ ਨੌਜਵਾਨ ਅਭਿਸ਼ੇਕ ਕੁਮਾਰ ਉਰਫ਼ ਛੋਟੂ ਸਾਹ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।