ਪਤਨੀ ਕੋਈ ਨੌਕਰਾਣੀ ਨਹੀਂ, ਪਤੀ ਵੀ ਘਰੇਲੂ ਕੰਮਾਂ ਵਿਚ ਬਰਾਬਰ ਹੱਥ ਵਟਾਏ : ਸੁਪਰੀਮ ਕੋਰਟ
ਸਿਖਰਲੀ ਅਦਾਲਤ ਨੇ ਤਲਾਕ ਦੇ ਮਾਮਲੇ ’ਚ ਕੀਤੀ ਟਿਪਣੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਤੀ ਨੂੰ ਖਾਣਾ ਪਕਾਉਣ, ਸਫਾਈ ਕਰਨ ਅਤੇ ਧੋਣ ਵਰਗੇ ਘਰੇਲੂ ਕੰਮਾਂ ’ਚ ਬਰਾਬਰ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਉਸ ਨੇ ਕਿਸੇ ਨੌਕਰਾਣੀ ਨਾਲ ਨਹੀਂ ਬਲਕਿ ਜੀਵਨ ਸਾਥੀ ਨਾਲ ਵਿਆਹ ਕੀਤਾ ਹੈ। ਇਹ ਟਿਪਣੀਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀਆਂ, ਜੋ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੇ ਇਕ ਵਿਅਕਤੀ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਜ਼ੁਲਮ ਦੇ ਆਧਾਰ ਉਤੇ ਉਸ ਵਿਅਕਤੀ ਨੂੰ ਤਲਾਕ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿਤਾ ਸੀ।
ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਉਸ ਵਿਅਕਤੀ ਦੇ ਵਕੀਲ ਨੇ ਕਿਹਾ ਕਿ ਧਿਰਾਂ ਵਿਚਾਲੇ ਵਿਚੋਲਗੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਵਿਆਹ ਮਈ 2017 ’ਚ ਹੋਇਆ ਸੀ ਅਤੇ 2019 ਤੋਂ ਬਾਅਦ ਇਹ ਜੋੜਾ ਵੱਖ ਹੋ ਗਿਆ ਹੈ। ਵਿਅਕਤੀ ਨੇ ਅਪਣੇ ਵਕੀਲ ਰਾਹੀਂ ਕਿਹਾ, ‘‘ਮੈਂ (ਆਦਮੀ) ਤਲਾਕ ਚਾਹੁੰਦਾ ਹਾਂ। ਹੇਠਲੀ ਅਦਾਲਤ ਨੇ ਬੇਰਹਿਮੀ ਦੇ ਆਧਾਰ ਉਤੇ ਤਲਾਕ ਦੇ ਦਿਤਾ ਸੀ।’’
ਬੈਂਚ ਨੇ ਪੁਛਿਆ ਕਿ ਇਸ ਮਾਮਲੇ ਵਿਚ ਕਥਿਤ ਤੌਰ ਉਤੇ ਬੇਰਹਿਮੀ ਕੀ ਸੀ। ਆਦਮੀ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਔਰਤ ਨੇ ਗਲਤ ਵਿਵਹਾਰ ਕੀਤਾ ਸੀ ਅਤੇ ਖਾਣਾ ਨਹੀਂ ਬਣਾ ਰਹੀ ਸੀ।
ਜਸਟਿਸ ਨਾਥ ਨੇ ਕਿਹਾ, ‘‘ਤੁਹਾਨੂੰ ਇਨ੍ਹਾਂ ਸਾਰੇ ਘਰੇਲੂ ਕੰਮਾਂ ਵਿਚ ਬਰਾਬਰ ਹਿੱਸਾ ਲੈਣਾ ਹੋਵੇਗਾ। ਖਾਣਾ ਪਕਾਉਣਾ, ਸਾਫ਼-ਸਫ਼ਾਈ ਕਰਨਾ, ਧੋਣਾ, ਸੱਭ ਕੁੱਝ । ਅੱਜ ਦਾ ਸਮਾਂ ਵੱਖਰਾ ਹੈ। ਹਾਈ ਕੋਰਟ ਸਹੀ ਸੀ ਕਿ ਇਹ ਬੇਰਹਿਮੀ ਦਾ ਅਧਾਰ ਨਹੀਂ ਹੋ ਸਕਦਾ।’’
ਜਸਟਿਸ ਮਹਿਤਾ ਨੇ ਕਿਹਾ, ‘‘ਤੁਸੀਂ ਕਿਸੇ ਨੌਕਰਾਣੀ ਨਾਲ ਵਿਆਹ ਨਹੀਂ ਕਰ ਰਹੇ। ਤੁਸੀਂ ਜੀਵਨ ਸਾਥੀ ਨਾਲ ਵਿਆਹ ਕਰ ਰਹੇ ਹੋ।’’ ਬੈਂਚ ਨੂੰ ਦਸਿਆ ਗਿਆ ਕਿ ਉਹ ਦੋਵੇਂ ਇਕ ਸਰਕਾਰੀ ਸਕੂਲ ਵਿਚ ਕੰਮ ਕਰ ਰਹੇ ਸਨ। ਬੈਂਚ ਨੇ ਕਿਹਾ, ‘‘ਦੋਹਾਂ ਧਿਰਾਂ ਨੂੰ ਅਦਾਲਤ ’ਚ ਸੱਦੋ। ਅਸੀਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ।’’
ਅਦਾਲਤ ਨੇ ਮਾਮਲੇ ਦੀ ਸੁਣਵਾਈ 27 ਅਪ੍ਰੈਲ ਤਕ ਲਈ ਮੁਲਤਵੀ ਕੀਤੀ ਅਤੇ ਦੋਹਾਂ ਧਿਰਾਂ ਨੂੰ ਇਸ ਦੇ ਸਾਹਮਣੇ ਮੌਜੂਦ ਰਹਿਣ ਲਈ ਕਿਹਾ।