ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਚੁੰਗਲ 'ਚ ਫਸਾ ਰਹੀ ਆਈਐਸਆਈ ਦੀ ਮਹਿਲਾ ਏਜੰਟ
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਦੀਆਂ ਸੂਚਨਾਵਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ।
ਨਵੀਂ ਦਿੱਲੀ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਦੀਆਂ ਸੂਚਨਾਵਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ। ਆਈਐੱਸਆਈ ਦੀ ਮਹਿਲਾ ਏਜੰਟ ਅਮਿਤਾ ਦੀ ਫੇਸਬੁੱਕ ਫਰੈਂਡ ਲਿਸਟ ਵਿਚ ਫ਼ੌਜ ਅਤੇ ਪੁਲਿਸ ਅਧਿਕਾਰੀਆਂ ਦੀ ਕਾਫ਼ੀ ਭਰਮਾਰ ਹੈ। ਇਸੇ ਆਈਐਸਆਈ ਏਜੰਟ ਨੇ ਫ਼ੌਜ ਦੇ ਜਵਾਨ ਦੇ ਬੇਟੇ ਨੂੰ ਹਨੀਟਰੈਪ 'ਚ ਫਸਾ ਕੇ ਉਸ ਕੋਲੋਂ ਫ਼ੌਜੀ ਟਿਕਾਣਿਆਂ ਦੀਆਂ ਖ਼ੁਫ਼ੀਆ ਸੂਚਨਾਵਾਂ ਹਾਸਲ ਕੀਤੀਆਂ ਸਨ।
ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਜੇਕਰ ਜਾਂਚ ਕੀਤੀ ਗਈ ਤਾਂ 152 ਫੇਸਬੁੱਕ ਫਰੈਂਡ 'ਚੋਂ 47 ਫ਼ੌਜੀ ਅਤੇ 2 ਪੁਲਿਸ ਦੇ ਅਧਿਕਾਰੀਆਂ ਦੇ ਨਾਮ ਮਿਲੇ ਹਨ। ਹੁਣ ਖ਼ੁਫ਼ੀਆ ਏਜੰਸੀਆਂ ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਮਾਨੀਟਰਿੰਗ ਕਰ ਰਹੀਆਂ ਹਨ। ਉਸ ਦੀ ਫਰੈਂਡਲਿਸਟ 'ਚ 53 ਔਰਤਾਂ ਅਤੇ ਕਈ ਨੇਤਾ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਦੇਸ਼ ਦੇ ਫ਼ੌਜੀ ਟਿਕਾਣਿਆਂ ਦੀ ਗੁਪਤ ਜਾਣਕਾਰੀ ਆਈਐੱਸਆਈ ਨੂੰ ਦੇਣ ਵਾਲੇ ਗੌਰਵ ਨੂੰ ਸੈਕਸ ਚੈਟ ਦੇ ਚਸਕੇ ਨੇ ਪਾਕਿਸਤਾਨੀ ਜਾਸੂਸ ਬਣਾ ਦਿੱਤਾ।
ਰਿਮਾਂਡ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਆਈਐੱਸਆਈ ਏਜੰਟ ਅਮਿਤਾ ਦੇ ਨਾਲ ਦਿਨ 'ਚ ਕਰੀਬ ਚਾਰ ਤੋਂ ਪੰਜ ਵਾਰ ਸੈਕਸ ਚੈਟ ਕਰਦਾ ਸੀ। ਹੌਲੀ-ਹੌਲੀ ਸੈਕਸ ਚੈਟ ਗੌਰਵ ਦੀ ਲਤ ਬਣ ਗਈ। ਇਸੇ ਤਰ੍ਹਾਂ ਦੇ ਹਨੀਟਰੈਪ 'ਚ ਫਸਣ ਤੋਂ ਬਾਅਦ ਗੌਰਵ ਪਾਕਿਸਤਾਨ ਦਾ ਜਾਸੂਸ ਬਣ ਗਿਆ। ਜਾਂਚ 'ਚ ਪਤਾ ਚੱਲਿਆ ਕਿ ਆਈਐੱਸਆਈ ਦੀ ਮਹਿਲਾ ਏਜੰਟ ਦੁਆਰਾ ਹਨੀਟਰੈਪ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਨੂੰ ਫਸਾ ਕੇ ਉਨ੍ਹਾਂ ਕੋਲੋਂ ਫ਼ੌਜ ਦੀ ਗੁਪਤ ਜਾਣਕਾਰੀ ਲਈ ਜਾ ਰਹੀ ਹੈ।
ਮਾਮਲੇ 'ਚ ਗਠਤ ਐੱਸਆਈਟੀ ਦੇ ਮੈਂਬਰ ਅਤੇ ਸਿਵਲ ਲਾਈਟ ਥਾਣਾ ਇੰਚਾਰਜ ਸ੍ਰੀਭਗਵਾਨ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਗੌਰਵ ਨਾਲ ਹਰ ਪਹਿਲੂ 'ਤੇ ਪੁਛਗਿੱਛ ਕੀਤੀ ਜਾ ਰਹੀ ਹੈ।
ਪੁਛਗਿੱਛ 'ਚ ਗੌਰਵ ਨੇ ਖੁਲਾਸਾ ਕੀਤਾ ਕਿ ਉਸ ਨੂੰ ਆਈਐੱਸਆਈ ਦੀ ਏਜੰਟ ਅਮਿਦਾ ਨੇ ਸੈਕਸ ਚੈਟ ਕਰਕੇ ਆਪਣੇ ਹਨੀ ਟਰੈਪ 'ਚ ਫਸਾਇਆ। ਇਸ ਤੋਂ ਬਾਅਦ ਵਿਆਹ ਕਰਨ ਅਤੇ ਦੁਬਈ ਵਸਣ ਦਾ ਲਾਲਚ ਦੇ ਕੇ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਮੰਗੀ ਸੀ। ਦੋਸ਼ੀ ਦੇ ਫੇਸਬੁੱਕ ਮੈਸੇਂਜਰ 'ਚ ਵੀ ਦਿਨ 'ਚ ਕਈ ਵਾਰ ਵੀਡੀਓ ਕਾਲ ਦਾ ਰਿਕਾਰਡ ਦਰਜ ਹਨ। ਫਿ਼ਲਹਾਲ ਪੁਲਿਸ ਦੀ ਸਾਈਬਰ ਸੈੱਲ ਗੌਰਵ ਦੇ ਈਮੇਲ, ਆਈਡੀ., ਫੇਸਬੁੱਕ, ਵਟਸਐਪ ਦੀ ਜਾਂਚ ਪੜਤਾਲ 'ਚ ਕਰਨ ਵਿਚ ਜੁਟੀ ਹੋਈ ਹੈ। ਐੱਸਆਈਟੀ ਵਲੋਂ ਗੌਰਵ ਦੇ ਬੈਂਕ ਖ਼ਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।