ਮੁੰਬਈ 'ਚ ਆਸਮਾਨ ਛੂਹ ਰਹੀ ਪੈਟਰੋਲ ਦੀ ਕੀਮਤ, ਡੀਜ਼ਲ ਨੇ ਵੀ ਤੋੜਿਆ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੀਜ਼ਲ-ਪੈਟਰੋਲ ਦੇ ਭਾਅ ਨਵੇਂ ਰਿਕਾਰਡ ਬਣਾ ਰਹੇ ਹਨ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 74 ਰੁਪਏ 8 ਪੈਸੇ ਪ੍ਰਤੀ ਲੀਟਰ ਪਹੁੰਚ ਗਈ

Petrol price Mumbai high, diesel also broke record

ਨਵੀਂ ਦਿੱਲੀ : ਡੀਜ਼ਲ-ਪੈਟਰੋਲ ਦੇ ਭਾਅ ਨਵੇਂ ਰਿਕਾਰਡ ਬਣਾ ਰਹੇ ਹਨ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 74 ਰੁਪਏ 8 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਇਹ ਸਤੰਬਰ 2014 ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ। ਉਥੇ ਡੀਜ਼ਲ ਦੀ ਕੀਮਤ ਦਿੱਲੀ ਵਿਚ 65 ਰੁਪਏ 31 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। 
ਡੀਜ਼ਲ ਇੰਨਾ ਮਹਿੰਗਾ ਪਹਿਲਾਂ ਕਦੇ ਨਹੀਂ ਹੋਇਆ।

7 ਫ਼ਰਵਰੀ ਨੂੰ ਡੀਜ਼ਲ 66 ਰੁਪਏ 22 ਪੈਸੇ ਪ੍ਰਤੀ ਲੀਟਰ ਤਕ ਪਹੁੰਚ ਗਿਆ ਸੀ। ਸਭ ਤੋਂ ਬੁਰਾ ਹਾਲ ਮੁੰਬਈ ਵਾਸੀਆਂ ਦਾ ਹੈ, ਜਿੱਥੇ ਪੈਟਰੋਲ ਦੀ ਕੀਮਤ 81 ਰੁਪਏ 93 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਪੈਟਰੋਲ-ਡੀਜ਼ਲ ਦੇ ਵਧਦੇ ਰੇਟਾਂ ਦੀ ਵਜ੍ਹਾ ਕੌਮਾਂਤਰੀ ਮਾਰਕੀਟ ਵਿਚ ਕੱਚੇ ਤੇਲ ਦੀ ਵਧਦੀ ਕੀਮਤ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਕਈ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਖ਼ਮਿਆਜ਼ਾ ਸਰਕਾਰ ਨੂੰ ਉਠਾਉਣਾ ਪੈ ਸਕਦਾ ਹੈ। ਜਿਨ੍ਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਕਰਨਾਟਕ ਨੂੰ ਛੱਡ ਕੇ ਹਰ ਜਗ੍ਹਾ ਭਾਜਪਾ ਦੀ ਸਰਕਾਰ ਦੀ ਹੀ ਸਰਕਾਰ ਹੈ। 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ 'ਤੇ ਵੀ ਅਸਰ ਪੈਂਦਾ ਹੈ। ਹਾਲਾਂਕਿ ਸਰਕਾਰ ਦੇ ਅੰਦਰ ਤੋਂ ਸੰਕੇਤ ਮਿਲ ਰਹੇ ਹਨ ਕਿ ਪੈਟਰੋਲ-ਡੀਜ਼ਲ ਨੂੰ ਵੀ ਜੀਐਸਟੀ ਦੇ ਦਾਇਰੇ ਵਿਚ ਲਿਆਂਦਾ ਜਾ ਸਕਦਾ ਹੈ। ਦਿੱਲੀ ਵਿਚ ਪੈਟੋਰਲ ਦੀ ਕੀਮਤ 74 ਰੁਪਏ 8 ਪੈਸੇ ਹੈ, ਕੋਲਕੱਤਾ ਵਿਚ 76 ਰੁਪਏ 78 ਪੈਸੇ, ਮੁੰਬਈ ਵਿਚ 81 ਰੁਪਏ 93 ਪੈਸੇ ਅਤੇ ਚੇਨਈ ਵਿਚ 76 ਰੁਪਏ 85 ਪੈਸੇ ਹੈ। 

ਇਸੇ ਤਰ੍ਹਾਂ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿਚ ਡੀਜ਼ਲ ਦੀ ਕੀਮਤ ਵੀ ਕਾਫ਼ੀ ਵਧ ਗਈ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ 65 ਰੁਪਏ 31 ਪੈਸੇ, ਕੋਲਕੱਤਾ ਵਿਚ 68.01 ਰੁਪਏ, ਮੁੰਬਈ ਵਿਚ 69.54 ਰੁਪਏ ਅਤੇ ਚੇਨਈ ਵਿਚ 68.90 ਹੈ।