ਟਿਊਸ਼ਨ ਟੀਚਰ ਸਾਲਾਂ ਤੋਂ ਕਰਦਾ ਰਿਹਾ ਆਪਣੀਆਂ ਵਿਦਿਆਰਥਣਾਂ ਨਾਲ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਸਾਲ ਤਕ ਉਸ ਨੇ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ

Tution Teacher Sexually Exploiting Girl Students

ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਟਿਊਸ਼ਨ ਟੀਚਰ ਵੱਲੋਂ ਆਪਣੀ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ  ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਨਾਮੀ ਕਾਨਵੇਂਟ ਸਕੂਲ ‘ਚ ਪੜ੍ਹਣ ਵਾਲੀ ਵਿਦਿਆਰਥਣ ਨਾਲ ਇਹ ਸਭ ਛੇ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਉਹ 12 ਸਾਲ ਦੀ ਸੀ। ਦੋ ਸਾਲ ਤਕ ਉਸ ਨੇ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਘਰਦਿਆਂ ਵੱਲੋਂ ਹਟਾਏ ਜਾਣ ਤੋਂ ਬਾਅਦ ਵੀ ਉਹ ਪੀੜਤਾ ਨੂੰ ਬਲੈਕਮੈਲ ਕਰਦਾ ਰਿਹਾ।

ਜਦ ਪੀੜਤਾ 18 ਸਾਲ ਦੀ ਹੋ ਗਈ ਅਤੇ ਉਸ ਨੇ ਆਪ ਬੀਤੀ ਸੋਸ਼ਲ ਮੀਡੀਆ ‘ਤੇ ਜਨਤਕ ਕਰ ਦਿੱਤੀ। ਉਸ ਨੇ ਸੋਸ਼ਲ ਮੀਡੀਆ ‘ਤੇ ਹੀ ਟਿਊਸ਼ਨ ਟੀਚਰ ਸੁਸ਼ੀਲ ਦੁਆ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ, ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਸ਼ੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ। ਇਸ ਮਗਰੋਂ ਉਹ ਆਪਣੀ ਧੀ ਨੂੰ ਹਿੰਮਤ ਦੇ ਰਹੇ ਹਨ ਅਤੇ ਉਸ ਦੀ ਚਿੱਠੀ ਨੂੰ ਹਿੰਦੀ ‘ਚ ਅਨੁਵਾਦ ਕਰ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ ਤਾਂ ਜੋ ਹੋਰ ਕੁੜੀਆਂ ਨੂੰ ਵੀ ਹੌਸਲਾ ਮਿਲੇ।

ਇਸ ਮਾਮਲੇ ‘ਚ ਪ੍ਰਯਾਗਰਾਜ ਸਿਵਲ ਲਾਇੰਸ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ ਕਿ ਉਹ ਅਜਿਹੀ ਹਰਕਤ ਹੋਰ ਕੁੜੀਆਂ ਨਾਲ ਕਰ ਚੁੱਕਿਆ ਹੈ। ਹੁਣ ਪੁਲਿਸ ਸੁਸ਼ੀਲ ਨੂੰ ਰਿਮਾਂਡ ‘ਤੇ ਲੈਣਾ ਚਾਹੁੰਦੀ ਹੈ ਤਾਂ ਜੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੂੰ ਸ਼ੱਕ ਹੈ ਕਿ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਮੁਲਜ਼ਮ ਸੀਰੀਅਲ ਰੇਪੀਸਟ ਵੀ ਨਿਕਲ ਸਕਦਾ ਹੈ।

ਅਜਿਹੇ ਮਾਮਲੇ ਅਕਸਰ ਵਾਰ-ਵਾਰ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਇਹਨਾਂ ਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋਣ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ। ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਗਏ 2007 ਦੇ ਅਧਿਐਨ ਅਨੁਸਾਰ ਸਰਵੇਖਣ ਅਧੀਨ 53% ਬੱਚਿਆਂ ਨੇ ਕਿਹਾ ਕਿ ਉਹਨਾਂ ਨਾਲ ਕਿਸੇ ਨਾ ਕਿਸੇ ਕਿਸਮ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਇਸ ਤਰ੍ਹਾਂ ਹੋਰ ਵੀ ਕਈ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ।