ਭਾਰਤ ਨੇ ਪਾਕਿ ਨੂੰ ਕਰਤਾਰਪੁਰ ਗੁਰਦਵਾਰੇ ਦੇ ਗੁੰਬਦ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਕਰਨ ਲਈ ਕਿਹਾ
ਭਾਰਤ ਨੇ ਕਰਤਾਰਪੁਰ ਸਾਹਿਬ ਗੁਰਦਵਾਰੇ ਦੇ ਗੁੰਬਦਾਂ ਦੇ ਡਿੱਗਣ ਦਾ ਮੁੱਦਾ ਪਾਕਿਸਤਾਨ ਦੇ ਸਾਹਮਣੇ ਉਠਾਇਆ ਹੈ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ
ਨਵੀਂ ਦਿੱਲੀ 19 ਅਪ੍ਰੈਲ: ਭਾਰਤ ਨੇ ਕਰਤਾਰਪੁਰ ਸਾਹਿਬ ਗੁਰਦਵਾਰੇ ਦੇ ਗੁੰਬਦਾਂ ਦੇ ਡਿੱਗਣ ਦਾ ਮੁੱਦਾ ਪਾਕਿਸਤਾਨ ਦੇ ਸਾਹਮਣੇ ਉਠਾਇਆ ਹੈ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਹੈ ਕਿ ਗੁਰਦਵਾਰੇ ਦੇ ਢਾਂਚੇ ਨੂੰ ਨੁਕਸਾਨ ਹੋਣ ਕਾਰਨ ਸਿੱਖ ਕੌਮ ਵਿਚ ਚਿੰਤਾ ਪੈਦਾ ਹੋ ਰਹੀ ਹੈ।
ਇਕ ਸੂਤਰ ਨੇ ਕਿਹਾ, “‘‘ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਸਤਿਕਾਰ ਵਜੋਂ ਇਮਾਰਤ ਨੂੰ ਹੋਏ ਨੁਕਸਾਨ ਨਾਲ ਹੋਣ ਵਾਲੀਆਂ ਕਮੀਆਂ ਨੂੰ ਤੁਰੰਤ ਸੁਧਾਰਇਆ ਜਾਵੇ। ਕਰਤਾਰਪੁਰ ਸਾਹਿਬ ਸਿੱਖ ਧਰਮ ਦਾ ਪਵਿੱਤਰ ਸਥਾਨ ਹੈ। ਪਿਛਲੇ ਸਾਲ ਨਵੰਬਰ ਵਿਚ ਦੋਵਾਂ ਦੇਸ਼ਾਂ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਸਾਹਿਬ ਨੂੰ ਪਾਕਿਸਤਾਨ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਨਾਲ ਜੋੜਨ ਵਾਲਾ ਲਾਂਘਾ ਖੋਲਿ੍ਹਆ ਸੀ।
ਕਰਤਾਰਪੁਰ ਸਾਹਿਬ ਗੁਰਦਵਾਰਾ ਪਾਕਿਸਤਾਨ ਵਿਚ ਰਾਵੀ ਨਦੀ ਦੇ ਪਾਰ ਨਰੋਵਾਲ ਜ਼ਿਲ੍ਹੇ ਵਿਚ ਸਥਿਤ ਹੈ ਜੋ ਡੇਰਾ ਬਾਬਾ ਨਾਨਕ ਗੁਰਦਵਾਰੇ ਤੋਂ ਲਗਭਗ ਚਾਰ ਕਿਲੋਮੀਟਰ ਦੀ ਦੂਰੀ ’ਤੇ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮਾਂ ਕਰਤਾਰਪੁਰ ਵਿਚ ਬਤੀਤ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਕਿ ਉਸਨੂੰ ਸਿੱਖ ਕੌਮ ਦੇ ਪਵਿੱਤਰ ਸਥਾਨ ਪ੍ਰਤੀ ਸਮਰਪਣ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ। (ਪੀਟੀਆਈ)