ਹੁਣ ਘਰ ਹੀ ਨਵਾਂ ਦਫ਼ਤਰ...ਪੀਐਮ ਮੋਦੀ ਨੇ ਦੱਸਿਆ ਕਿਵੇਂ ਕੋਰੋਨਾ ਨੇ ਬਦਲੀ ਉਹਨਾਂ ਦੀ ਜ਼ਿੰਦਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਕੋਵਿਡ 19 ਨਾਲ ਲੜ ਰਹੀ ਹੈ ਪਰ ਭਾਰਤ ਦੇ ਊਰਜਾਵਾਨ ਅਤੇ ਅਗਾਂਹਵਧੂ ਨੌਜਵਾਨ ਵਧੇਰੇ ਤੰਦਰੁਸਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਕੋਵਿਡ 19 ਨਾਲ ਲੜ ਰਹੀ ਹੈ ਪਰ ਭਾਰਤ ਦੇ ਊਰਜਾਵਾਨ ਅਤੇ ਅਗਾਂਹਵਧੂ ਨੌਜਵਾਨ ਵਧੇਰੇ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਦਾ ਰਸਤਾ ਦਿਖਾ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ‘ਕੋਵਿਡ -19 ਦੇ ਯੁੱਗ ਵਿਚ ਜੀਵਨ’ ਸਿਰਲੇਖ ਦੇ ਇਕ ਲੇਖ ਵਿਚ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਬਦਲਾਅ ਨੂੰ ਅਪਣਾਇਆ ਹੈ।
ਅਪਣਾ ਤਜ਼ੁਰਬਾ ਸਾਂਝਾ ਕਰਦੇ ਹੋਏ ਮੋਦੀ ਨੇ ਲਿਖਿਆ ਕਿ ‘ਕੋਵਿਡ-19 ਅਪਣੇ ਨਾਲ ਕਈ ਮੁਸ਼ਕਿਲਾਂ ਲੈ ਕੇ ਆਇਆ ਹੈ। ਕੋਰੋਨਾ ਵਾਇਰਸ ਨੇ ਪੇਸ਼ੇਵਰ ਜ਼ਿੰਦਗੀ ਦੀ ਰੂਪ ਰੇਖਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅੱਜਕੱਲ ਘਰ ਹੀ ਨਵਾਂ ਦਫ਼ਤਰ ਹੈ। ਇੰਟਰਨੈੱਟ ਮੀਟਿੰਗ ਰੂਮ। ਕੁਝ ਸਮੇਂ ਲਈ ਸਹਿਯੋਗੀਆਂ ਨਾਲ ਆਫਿਸ ਬ੍ਰੇਕ ਇਤਿਹਾਸ ਹੋ ਗਿਆ ਹੈ’।
ਪੀਐਮ ਮੋਦੀ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਿਆਦਾਤਰ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀਆਂ ਹਨ। ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਉਹ ਵੱਖ ਵੱਖ ਵਰਗਾਂ ਨਾਲ ਵੀਡੀਓ ਕਾਨਫਰੰਸਿੰਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਕੰਮ ਨੂੰ ਜਾਰੀ ਰੱਖਣ ਲਈ ਨਵੇਂ ਤਰੀਕੇ ਲੱਭ ਰਹੇ ਹਨ। ਸਾਡੇ ਫਿਲਮੀ ਸਿਤਾਰਿਆਂ ਨੇ ਕੁਝ ਰਚਨਾਤਮਕ ਵੀਡੀਓ ਬਣਾਏ ਹਨ ਅਤੇ ਲੋਕਾਂ ਨੂੰ ਘਰ ਰਹਿਣ ਦਾ ਸੰਦੇਸ਼ ਦੇ ਰਹੇ ਹਨ। ਸਾਡੇ ਗਾਇਕ ਆਨਲਾਈਨ ਪ੍ਰੋਗਰਾਮ ਕਰ ਰਹੇ ਹਨ। ਸ਼ਤਰੰਜ ਦੇ ਖਿਡਾਰੀ ਡਿਜ਼ੀਟਲ ਸ਼ਤਰੰਜ ਖੇਡ ਰਹੇ ਹਨ ਅਤੇ ਇਸ ਤਰ੍ਹਾਂ ਕੋਰੋਨਾ ਵਿਰੁੱਧ ਯੁੱਧ ਵਿਚ ਯੋਗਦਾਨ ਪਾ ਰਹੇ ਹਨ।ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਤਕਨੀਕ ਨਾਲ ਗਰੀਬਾਂ ਅਤੇ ਵਿਦਿਆਰਥੀਆਂ ਦੇ ਜੀਵਨ ਵਿਚ ਵੱਡਾ ਬਦਲਾਅ ਆਇਆ ਹੈ।