ਕੋਰੋਨਾ ਦੇ ਮੱਦੇਨਜ਼ਰ ਪੀਐੱਮ ਮੋਦੀ ਨੇ ਸ਼ਿਖ਼ਰ ਸੰਮੇਲਨ ਲਈ ਪੁਰਤਗਾਲ ਜਾਣ ਦਾ ਫੈਸਲਾ ਕੀਤਾ ਰੱਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ 8 ਮਈ ਨੂੰ ਪੁਰਤਗਾਲ ਵਿਚ ਹੋਣ ਵਾਲੇ ਭਾਰਤ-ਯੂਰਪੀਅਨ ਸੰਮੇਲਨ ਵਿਚ ਸ਼ਾਮਲ ਹੋਣ ਜਾ ਰਹੇ ਸਨ

PM Modi

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੁਰਤਗਾਲ ਦੀ ਯਾਤਰਾ ਰੱਦ ਕਰ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ 8 ਮਈ ਨੂੰ ਪੁਰਤਗਾਲ ਵਿਚ ਹੋਣ ਵਾਲੇ ਭਾਰਤ-ਯੂਰਪੀਅਨ ਸੰਮੇਲਨ ਵਿਚ ਸ਼ਾਮਲ ਹੋਣ ਜਾ ਰਹੇ ਸਨ ਪਰ ਹੁਣ ਉਹਾਂ ਨੇ ਆਪਣਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਪੀਐਮ ਮੋਦੀ ਤੋਂ ਇਲਾਵਾ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਭਾਰਤ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। 

ਸੂਤਰਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਮੰਗਲਵਾਰ ਨੂੰ ਪੁਰਤਗਾਲ ਦੀ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰੋਗਰਾਮ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਦੁਵੱਲੀ ਬੈਠਕ ਵਰਚੁਅਲ ਢੰਗ ਨਾਲ ਹੋਵੇਗੀ ਜਾਂ ਨਹੀਂ। 
ਭਾਰਤ ਵਿਚ ਵਿਗੜ ਰਹੀ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ ਦਿੱਤੀ ਹੈ।

ਉਨ੍ਹਾਂ ਕਿਹਾ, "ਚੱਲ ਰਹੀ ਸਥਿਤੀ ਨੂੰ ਵੇਖਦਿਆਂ ਆਪਸੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਗਲੇ ਹਫਤੇ ਭਾਰਤ ਨਹੀਂ ਆਉਣਗੇ।" ਉਨ੍ਹਾਂ ਦੱਸਿਆ ਕਿ ‘ਦੋਵੇਂ ਧਿਰਾਂ ਭਾਰਤ-ਬ੍ਰਿਟੇਨ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਵਰਚੁਅਲ ਮੀਟਿੰਗਾਂ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਈ ਮਹੱਤਵਪੂਰਨ ਮੀਟਿੰਗਾਂ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਨੇ ਟੀਕਾਕਰਨ ਬਾਰੇ ਇੱਕ ਅਧਿਕਾਰੀ ਨਾਲ ਮੀਟਿੰਗ ਕੀਤੀ।

ਇਸ ਤੋਂ ਬਾਅਦ ਉਹਨਾਂ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਪ੍ਰੋਗਰਾਮ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੱਛਮੀ ਬੰਗਾਲ ਵਿਚ ਮੁਹਿੰਮ ਦੇ ਸੰਬੰਧ ਵਿਚ ਵੱਡੇ ਫੈਸਲੇ ਵੀ ਲਏ, ਜੋ ਕਿ 2021 ਵਿਚ ਵਿਧਾਨ ਸਭਾ ਚੋਣਾਂ ਦੇ ਵੋਟਿੰਗ ਪੜਾਅ ਵਿਚੋਂ ਲੰਘ ਰਿਹਾ ਹੈ। ਪਾਰਟੀ ਰੈਲੀਆਂ ਵਿਚ ਸਿਰਫ 500 ਲੋਕਾਂ ਨੂੰ ਸ਼ਾਮਲ ਕਰ ਸਕੇਗੀ। ਸਾਰੇ ਕੋਵਿਡ ਨਿਯਮਾਂ ਦੀ ਪਾਲਣਾ ਵੀ ਕੀਤੀ ਜਾਵੇਗੀ।