ਅਤੀਕ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਵਾਲੇ ਕਾਂਗਰਸੀ ਕੌਂਸਲਰ ਉਮੀਦਵਾਰ ਨੂੰ ਕੀਤਾ ਗ੍ਰਿਫ਼ਤਾਰ, ਪਾਰਟੀ ਨੇ ਕੱਢਿਆ
ਹਾਲਾਂਕਿ ਚੋਣ ਨਿਸ਼ਾਨ ਜਾਰੀ ਹੋਣ ਕਾਰਨ ਕਾਂਗਰਸ ਦਾ ਚੋਣ ਨਿਸ਼ਾਨ ਉਸੇ ਕੋਲ ਹੀ ਰਹੇਗਾ।
ਪ੍ਰਯਾਗਰਾਜ - ਮਾਫੀਆ ਅਤੀਕ ਅਹਿਮਦ ਨੂੰ ਸ਼ਹੀਦ ਦੱਸਦਿਆਂ ਉਸ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਵਾਲੇ ਕਾਂਗਰਸ ਦੇ ਕੌਂਸਲਰ ਉਮੀਦਵਾਰ ਰਾਜਕੁਮਾਰ ਉਰਫ ਰੱਜੂ ਭਈਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ 'ਚੋਂ 6 ਸਾਲ ਲਈ ਕੱਢ ਦਿੱਤਾ ਗਿਆ ਹੈ। ਹਾਲਾਂਕਿ ਚੋਣ ਨਿਸ਼ਾਨ ਜਾਰੀ ਹੋਣ ਕਾਰਨ ਕਾਂਗਰਸ ਦਾ ਚੋਣ ਨਿਸ਼ਾਨ ਉਸੇ ਕੋਲ ਹੀ ਰਹੇਗਾ।
ਇੱਥੇ ਕਾਂਗਰਸ ਪਾਰਟੀ ਹੁਣ ਇਸ ਸੀਟ 'ਤੇ ਆਜ਼ਾਦ ਉਮੀਦਵਾਰ ਨੂੰ ਸਮਰਥਨ ਦੇਵੇਗੀ। ਨਗਰ ਨਿਗਮ ਦੇ ਵਾਰਡ 43 ਦੇ ਕਾਂਗਰਸੀ ਉਮੀਦਵਾਰ ਰਾਜਕੁਮਾਰ ਨੇ ਵਿਵਾਦਤ ਬਿਆਨ ਦਿੱਤਾ ਸੀ। ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਂਗਰਸੀ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਾਜਕੁਮਾਰ ਉਰਫ ਰੱਜੂ ਭਈਆ ਨੇ ਬਿਆਨ 'ਚ ਕਿਹਾ ਸੀ ਕਿ ਅਤੀਕ ਅਹਿਮਦ ਦਾ ਕਤਲ ਹੋ ਗਿਆ ਹੈ, ਉਹ ਸ਼ਹੀਦ ਹੈ ਅਤੇ ਉਸ ਨੂੰ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਸੀਐਮ ਯੋਗੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਜਕੁਮਾਰ ਉਰਫ਼ ਰੱਜੂ ਭਈਆ ਨੇ ਕਿਹਾ ਸੀ, “ਅਤੀਕ ਅਹਿਮਦ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ, ਇਸ ਲਈ ਉਨ੍ਹਾਂ ਦੀ ਲਾਸ਼ 'ਤੇ ਤਿਰੰਗਾ ਰੱਖਿਆ ਜਾਣਾ ਚਾਹੀਦਾ ਸੀ। ਮੁਲਾਇਮ ਸਿੰਘ ਯਾਦਵ ਨੂੰ ਪਦਮ ਵਿਭੂਸ਼ਣ ਮਿਲ ਸਕਦਾ ਹੈ ਤਾਂ ਅਤੀਕ ਅਹਿਮਦ ਨੂੰ ਭਾਰਤ ਰਤਨ ਕਿਉਂ ਨਹੀਂ ਮਿਲਣਾ ਚਾਹੀਦਾ?
ਰਾਜਕੁਮਾਰ ਸਿੰਘ ਉਰਫ ਰੱਜੂ ਭਈਆ ਕਾਂਗਰਸ ਪਾਰਟੀ ਦੇ ਪੁਰਾਣੇ ਆਗੂ ਰਹੇ ਹਨ। ਇਸ ਵਾਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਵਾਰਡ ਨੰਬਰ 43 ਦੱਖਣੀ ਮਲਕਾ ਤੋਂ ਕਾਂਗਰਸ ਦਾ ਉਮੀਦਵਾਰ ਵੀ ਸੀ, ਪਰ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਹੈ। ਕਿਉਂਕਿ ਉਨ੍ਹਾਂ ਨੂੰ ਪਾਰਟੀ ਦਾ ਨਿਸ਼ਾਨ ਮਿਲਿਆ ਹੈ, ਹੁਣ ਉਹ ਇਸ ਚੋਣ ਨਿਸ਼ਾਨ ਨਾਲ ਚੋਣ ਲੜਨਗੇ।ਕਾਂਗਰਸ ਹੁਣ ਇਸ ਸੀਟ 'ਤੇ ਕਿਸੇ ਹੋਰ ਆਜ਼ਾਦ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਸਕਦੀ ਹੈ। ਰੱਜੂ ਭਈਆ ਪਹਿਲਾਂ ਵੀ ਕੌਂਸਲਰ ਦੀ ਚੋਣ ਲੜ ਚੁੱਕੇ ਹਨ। ਕਾਂਗਰਸੀ ਉਮੀਦਵਾਰ ਦਾ ਇਹ ਵਿਵਾਦਤ ਬਿਆਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।