ਆਂਧਰਾ ਪ੍ਰਦੇਸ਼ ’ਚ ਕਿਆ ਮੋਟਰਜ਼ ਦੇ ਪਲਾਂਟ ’ਚੋਂ ਇੰਜਣ ਚੋਰੀ ਹੋਣ ਦੇ ਮਾਮਲੇ ’ਚ 9 ਗ੍ਰਿਫਤਾਰ
14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ
ਪੇਨੂਕੋਂਡਾ : ਆਂਧਰਾ ਪ੍ਰਦੇਸ਼ ਪੁਲਿਸ ਨੇ ਸ੍ਰੀ ਸੱਤਿਆ ਸਾਈਂ ਜ਼ਿਲ੍ਹੇ ’ਚ ਸਥਿਤ ਕਿਆ ਮੋਟਰਜ਼ ਦੇ ਪਲਾਂਟ ’ਚੋਂ 900 ਇੰਜਣ ਚੋਰੀ ਹੋਣ ਦੇ ਮਾਮਲੇ ’ਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੇਨੂਕੋਂਡਾ ਅਦਾਲਤ ਨੇ ਦੋਸ਼ੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਹੈ ਕਿਉਂਕਿ ਪੁਲਿਸ ਵੱਡੇ ਪੱਧਰ ’ਤੇ ਹੋਈ ਚੋਰੀ ਦੀ ਜਾਂਚ ਕਰ ਰਹੀ ਹੈ ਜਿਸ ਨੇ ਆਟੋ ਉਦਯੋਗ ਨੂੰ ਹੈਰਾਨ ਕਰ ਦਿਤਾ ਹੈ।
ਪੁਲਿਸ ਨੇ ਦਸਿਆ, ‘‘ਸਿਰਫ ਦਸ ਫ਼ੀ ਸਦੀ ਜਾਂਚ ਪੂਰੀ ਹੋਈ ਹੈ। ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਸੀਂ ਕੰਮ ਕਰਨ ਦੇ ਤਰੀਕੇ ਦੀ ਜਾਂਚ ਕਰ ਰਹੇ ਹਾਂ।’’ ਪੁਲਿਸ ਨੇ ਅੱਗੇ ਪ੍ਰਗਟਾਵਾ ਕੀਤਾ ਕਿ ਚੋਰੀ ਕੀਤੇ ਇੰਜਣਾਂ ਦੀ ਤਸਕਰੀ ਕੀਤੀ ਗਈ ਸੀ ਅਤੇ ਭਾਰਤ ਦੇ ਕਈ ਸੂਬਿਆਂ ’ਚ ਵੇਚਿਆ ਗਿਆ ਸੀ ਜੋ ਆਂਧਰਾ ਪ੍ਰਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਇਕ ਵਿਆਪਕ ਗੈਰਕਾਨੂੰਨੀ ਨੈਟਵਰਕ ਦਾ ਸੰਕੇਤ ਦਿੰਦਾ ਹੈ।
ਪਿਛਲੇ ਮਹੀਨੇ ਕਿਆ ਦੇ ਅਧਿਕਾਰੀਆਂ ਨੇ ਅਪਣੀ ਫ਼ੈਕਟਰੀ ’ਚ ਅੰਦਰੂਨੀ ਆਡਿਟ ਦੌਰਾਨ ਪਾਇਆ ਕਿ ਇੰਜਣ ਗਾਇਬ ਸਨ। 19 ਮਾਰਚ ਨੂੰ ਸਥਾਨਕ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਸੀ।