Karnataka News : ਸਾਬਕਾ ਅੰਡਰਵਰਲਡ ਡਾਨ ਦੇ ਪੁੱਤਰ 'ਤੇ ਜਾਨਲੇਵਾ ਹਮਲਾ
Karnataka News : ਚੱਲਦੀ ਕਾਰ 'ਤੇ ਅੰਨ੍ਹੇਵਾਹ ਕੀਤੀ ਫ਼ਾਇਰਿੰਗ, ਵਾਲ-ਵਾਲ ਬਚੀ ਜਾਨ
Former underworld don's son fatally attacked Latest News in Punjabi : ਕਰਨਾਟਕ : ਸਾਬਕਾ ਅੰਡਰਵਰਲਡ ਡਾਨ ਮੁਥੱਪਾ ਰਾਏ ਦੇ ਪੁੱਤਰ ਰਿੱਕੀ ਰਾਏ 'ਤੇ ਕਿਸੇ ਨੇ ਜਾਨਲੇਵਾ ਹਮਲਾ ਕੀਤਾ ਹੈ। ਹਮਲਾਵਰਾਂ ਨੇ ਰਿੱਕੀ ਰਾਏ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ 'ਚ ਰਿੱਕੀ ਰਾਏ ਅਤੇ ਉਸ ਦਾ ਡਰਾਈਵਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਸ਼ੁਕਰਵਾਰ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਰਿੱਕੀ ਕਰਨਾਟਕ ਦੇ ਬਿਦਾਦੀ ਵਿਚ ਰਹਿੰਦਾ ਹੈ। ਬੀਤੀ ਰਾਤ ਉਹ ਅਪਣੀ ਕਾਲੇ ਰੰਗ ਦੀ ਕਾਰ ਵਿਚ ਬੈਂਗਲੁਰੂ ਜਾ ਰਿਹਾ ਸੀ। ਫਿਰ ਕੁੱਝ ਲੋਕਾਂ ਨੇ ਉਸ ਦੀ ਕਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਰਿੱਕੀ ਅਤੇ ਉਸ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬੈਂਗਲੁਰੂ ਦੇ ਮਨੀਪਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ ਕੁੱਝ ਅਣਪਛਾਤੇ ਲੋਕਾਂ ਨੇ ਗੱਡੀ 'ਤੇ ਗੋਲੀਆਂ ਚਲਾ ਦਿਤੀਆਂ। ਹਮਲਾਵਰ ਰਿੱਕੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਦਾ ਨਿਸ਼ਾਨਾ ਚੁਕ ਗਿਆ ਅਤੇ ਗੋਲੀ ਕਾਰ ਦੀ ਸੀਟ ਤੋਂ ਲੰਘ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਦਸ ਦਈਏ ਕਿ ਆਮਤੌਰ 'ਤੇ ਰਿੱਕੀ ਅਪਣੀ ਕਾਰ ਖ਼ੁਦ ਚਲਾਉਂਦਾ ਹੈ। ਇਸ ਆਧਾਰ 'ਤੇ ਹਮਲਾਵਰਾਂ ਨੇ ਕਾਰ ਦੀ ਡਰਾਈਵਿੰਗ ਸੀਟ ਨੂੰ ਨਿਸ਼ਾਨਾ ਬਣਾਇਆ। ਹਮਲੇ ਦੇ ਸਮੇਂ ਕਾਰ ਵਿਚ ਰਿੱਕੀ ਤੋਂ ਇਲਾਵਾ ਉਸ ਦਾ ਡਰਾਈਵਰ ਅਤੇ ਇਕ ਸੁਰੱਖਿਆ ਗਾਰਡ ਮੌਜੂਦ ਸੀ। ਹਮਲਾਵਰਾਂ ਨੇ ਕਾਰ ਦੀ ਡਰਾਈਵਿੰਗ ਸੀਟ 'ਤੇ 2 ਰਾਊਂਡ ਫ਼ਾਇਰ ਕੀਤੇ। ਜਿਸ ’ਚ ਡਰਾਈਵਰ ਸਮੇਤ ਡਾਨ ਦਾ ਪੁੱਤਰ ਜ਼ਖ਼ਮੀ ਹੋ ਗਏ ਹਨ। ਇਸ ਹਮਲੇ ਵਿਚ 70 ਐਮਐਮ ਦੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।