ਕੇਰਲ ਦੀ ਅਦਾਕਾਰਾ ਨੇ ਨਸ਼ਿਆਂ ’ਚ ਗਲਤਾਨ ਅਦਾਕਾਰਾਂ ਨਾਲ ਕੰਮ ਨਾ ਕਰਨ ਦਾ ਅਹਿਦ ਲਿਆ
ਪੂਰਾ ਫਿਲਮ ਉਦਯੋਗ ਵਿੰਸੀ ਅਲੋਸ਼ੀਅਸ ਦੇ ਅਹਿਦ ਨੂੰ ਅਪਣਾਏ : ਮੰਤਰੀ ਰਾਜੇਸ਼
ਤਿਰੂਵਨੰਤਪੁਰਮ : ਕੇਰਲ ਦੇ ਆਬਕਾਰੀ ਮੰਤਰੀ ਐਮ.ਬੀ. ਰਾਜੇਸ਼ ਨੇ ਐਤਵਾਰ ਨੂੰ ਕਿਹਾ ਕਿ ਫਿਲਮ ਉਦਯੋਗ ਵਿਚ ਹਰ ਕਿਸੇ ਨੂੰ ਅਦਾਕਾਰਾ ਵਿੰਸੀ ਅਲੋਸ਼ੀਅਸ ਵਾਂਗ ਦਲੇਰੀ ਨਾਲ ਅਹਿਦ ਲੈਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਹ ਨਸ਼ਿਆਂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨਾਲ ਕੰਮ ਨਹੀਂ ਕਰਨਗੇ।
ਕੁੱਝ ਦਿਨ ਪਹਿਲਾਂ ਵਿੰਸੀ ਨੇ ਐਲਾਨ ਕੀਤਾ ਸੀ ਕਿ ਉਹ ਫ਼ਿਲਮਾਂ ’ਚ ਨਸ਼ੇ ਕਰਨ ਵਾਲੇ ਲੋਕਾਂ ਨਾਲ ਕੰਮ ਨਹੀਂ ਕਰੇਗੀ। ਮੰਤਰੀ ਨੇ ਵਿੰਸੀ ਦੇ ਦਲੇਰ ਅਤੇ ਦ੍ਰਿੜ ਅਹਿਦ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਫਿਲਮ ਉਦਯੋਗ ਅਤੇ ਇਸ ਦਾ ਹਿੱਸਾ ਸੰਗਠਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਸ ਵਰਗੇ ਲੋਕਾਂ ਨੂੰ ਉਨ੍ਹਾਂ ਵਲੋਂ ਲਏ ਗਏ ਅਹਿਦ ਤੋਂ ਅਲੱਗ ਨਾ ਕੀਤਾ ਜਾਵੇ ਜਾਂ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ, ‘‘ਫਿਲਮ ਉਦਯੋਗ ’ਚ ਹਰ ਕਿਸੇ ਨੂੰ ਅੱਗੇ ਆਉਣ ਅਤੇ ਇਸ ਅਹਿਦ ਨੂੰ ਅਪਣਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਜ਼ਿਕਰਯੋਗ ਹੈ ਕਿ ਵਿੰਸੀ ਨੇ ਫਿਲਮ ਚੈਂਬਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਦਾਕਾਰ ਸ਼ਾਇਨ ਟੌਮ ਚਾਕੋ ਨੇ ਨਸ਼ਿਆਂ ਦੇ ਪ੍ਰਭਾਵ ਹੇਠ ਉਸ ਨਾਲ ਗਲਤ ਵਿਵਹਾਰ ਕੀਤਾ। ਉਨ੍ਹਾਂ ਨੇ ਇਸ ਘਟਨਾ ਦੀ ਰੀਪੋਰਟ ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ (ਏ.ਐਮ.ਐਮ.ਏ.) ਨੂੰ ਵੀ ਕੀਤੀ ਹੈ, ਪਰ ਉਸ ਨੇ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।