ਕੇਂਦਰ ਨੇ ਰਾਜਾਂ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਹੋਰ ਵਿਸ਼ੇਸ਼ ਟਰੇਨਾਂ ਚਲਾਉਣ ਲਈ ਆਖਿਆ
ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਿਜਾਣ ਲਈ ਰੇਲਵੇ ਨਾਲ ਤਾਲਮੇਲ ਕਰ ਕੇ ਹੋਰ ਵਿਸ਼ੇਸ਼
ਨਵੀਂ ਦਿੱਲੀ, 19 ਮਈ : ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਿਜਾਣ ਲਈ ਰੇਲਵੇ ਨਾਲ ਤਾਲਮੇਲ ਕਰ ਕੇ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਆਖਿਆ ਹੈ। ਨਾਲ ਹੀ ਕਿਹਾ ਹੈ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰਖਿਆ ਜਾਵੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਟਰੇਨ ਰਾਹੀਂ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਲਈ ਐਸਓਪੀ ਯਾਨੀ ਜ਼ਰੂਰੀ ਸ਼ਰਤਾਂ ਦੇ ਵੇਰਵੇ ਵੀ ਜਾਰੀ ਕੀਤੇ।
ਇਸੇ ਦੌਰਾਨ ਰੇਲਵੇ ਨੇ ਕਿਹਾ ਹੈ ਕਿ ਮਜ਼ਦੂਰ ਵਿਸ਼ੇਸ਼ ਟਰੇਨਾਂ ਦੀ ਆਵਾਜਾਈ ਲਈ ਮੁਕਾਮ ਰਾਜਾਂ ਦੀ ਸਹਿਮਤੀ ਦੀ ਲੋੜ ਨਹੀਂ। ਰੇਲਵੇ ਦੇ ਬੁਲਾਰੇ ਰਾਜੇਸ਼ ਵਾਜਾਪਾਈ ਨੇ ਕਿਹਾ, ‘ਮਜ਼ਦੂਰ ਵਿਸ਼ੇਸ਼ ਟਰੇਨਾਂ ਨੂੰ ਚਲਾਉਣ ਵਾਸਤੇ ਉਨ੍ਹਾਂ ਰਾਜਾਂ ਦੀ ਸਹਿਮਤੀ ਦੀ ਲੋੜ ਨਹੀਂ ਜਿਥੇ ਯਾਤਰਾ ਖ਼ਤਮ ਹੋਣੀ ਹੈ।’ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਫਸੇ ਹੋਏ ਮੁਲਾਜ਼ਮਾਂ ਦੇ ਘਰ ਮੁੜਨ ਦਾ ਸੱਭ ਤੋਂ ਵੱਡਾ ਕਾਰਨ ਕੋਵਿਡ-19 ਦਾ ਖ਼ਤਰਾ ਅਤੇ ਰੋਜ਼ੀ-ਰੋਟੀ ਖੁੱਸਣ ਦਾ ਖ਼ਤਰਾ ਹੈ।
ਉਨ੍ਹਾਂ ਪੱਤਰ ਵਿਚ ਕਿਹਾ, ‘ਪ੍ਰਵਾਸੀ ਮਜ਼ਦੂਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਦਿਸ਼ਾ ਵਿਚ, ਹੋਰ ਫ਼ੈਸਲੇ ਲਾਗੂ ਕੀਤੇ ਜਾਂਦੇ ਹਨ ਤਾਂ ਮੈਂ ਧਨਵਾਦੀ ਹੋਵਾਂਗਾ।’ ਗ੍ਰਹਿ ਸਕੰਤਰ ਨੇ ਸੁਝਾਅ ਦਿਤਾ ਕਿ ਰਾਜਾਂ ਅਤੇ ਰੇਲ ਮੰਤਰਾਲੇ ਵਿਚਾਲੇ ਤਾਲਮੇਲ ਜ਼ਰੀਏ ਹੋਰ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਫ਼ ਸਫ਼ਾਈ, ਭੋਜਨ ਅਤੇ ਸਿਹਤ ਦੀ ਲੋੜ ਨੂੰ ਧਿਆਨ ਵਿਚ ਰਖਦਿਆ ਠਹਿਰਾਅ ਦੀਆਂ ਥਾਵਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਭੱਲਾ ਨੇ ਕਿਹਾ ਕਿ ਬਸਾਂ ਅਤੇ ਟਰੇਨਾਂ ਦੇ ਚੱਲਣ ਬਾਰੇ ਹੋਰ ਸਪੱਸ਼ਟਤਾ ਹੋਣੀ ਚਾਹੀਦੀ ਹੈ ਕਿਉਂਕਿ ਸਪੱਸ਼ਟਤਾ ਦੀ ਕਮੀ ਅਤੇ ਅਫ਼ਵਾਹਾਂ ਕਾਰਨ ਮਜ਼ਦੂਰ ਕਾਫ਼ੀ ਬੇਚੈਨ ਦਿਸ ਰਹੇ ਹਨ। ਉਨ੍ਹਾਂ ਪ੍ਰਵਾਸੀਆਂ ਦੀ ਆਵਾਜਾਈ ਲਈ ਬਸਾਂ ਦੀ ਗਿਣਤੀ ਵਧਾਉਣ ਦਾ ਵੀ ਸੁਝਾਅ ਦਿਤਾ। (ਏਜੰਸੀ)