ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਭਾਰਤ ਵਿਚ ਹੁਣ ਤਕ ਪ੍ਰਤੀ ਇਕ ਲੱਖ ਆਬਾਦੀ ਪਿਛਲੇ ਕੋਵਿਡ-19 ਨਾਲ ਮੌਤਾਂ ਦੇ ਲਗਭਗ 0.2

File photo

ਨਵੀਂ ਦਿੱਲੀ, 19 ਮਈ: ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਭਾਰਤ ਵਿਚ ਹੁਣ ਤਕ ਪ੍ਰਤੀ ਇਕ ਲੱਖ ਆਬਾਦੀ ਪਿਛਲੇ ਕੋਵਿਡ-19 ਨਾਲ ਮੌਤਾਂ ਦੇ ਲਗਭਗ 0.2 ਮਾਮਲੇ ਆਏ ਹਨ ਜਦਕਿ ਦੁਨੀਆਂ ਦਾ ਅੰਕੜਾ 4.1 ਪ੍ਰਤੀ ਲੱਖ ਦਾ ਹੈ। ਦੇਸ਼ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਲਾਗ ਕਾਰਨ ਮੌਤ ਦੇ ਮਾਮਲੇ ਵੱਧ ਕੇ 3163 ਹੋ ਗਏ ਅਤੇ ਲਾਗ ਦੇ ਕੁਲ ਮਾਮਲਿਆਂ ਦੀ ਗਿਣਛੀ 1,01,129 ਹੋ ਗਈ।

ਸੋਮਵਾਰ ਨੂੰ ਦੇਸ਼ ਵਿਚ ਕੋਵਿਡ-19 ਲਈ ਰੀਕਾਰਡ 108233 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤਕ ਕੁਲ 2425742 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਸੰਸਾਰ ਸਿਹਤ ਸੰਸਥਾ ਦੀ ਸਥਿਤੀ ਰੀਪੋਰਟ 119 ਦੇ ਅੰਕੜਿਆਂ ਦੇ ਹਵਾਲੇ ਨਾਲ ਮੰਤਰਾਲੇ ਨੇ ਕਿਹਾ ਕਿ ਦੁਨੀਆਂ ਭਰ ਵਿਚ ਮੰਗਲਵਾਰ ਤਕ ਕੋਵਿਡ 19 ਨਾਲ ਮੌਤਾਂ ਦੇ 311847 ਮਾਮਲੇ ਆਏ ਹਨ ਜੋ ਲਗਭਗ 4.1 ਮੌਤ ਪ੍ਰਤੀ ਲੱਖ ਆਬਾਦੀ ਹੈ।

ਮੰਤਰਾਲੇ ਨੇ ਕਿਹਾ ਕਿ ਜਿਹੜੇ ਦੇਸ਼ਾਂ ਵਿਚ ਕੋਰੋਨਾ ਨਾਲ ਭਾਰੀ ਗਿਣਤੀ ਵਿਚ ਲੋਕ ਮਾਰੇ ਗਏ ਹਨ, ਉਨ੍ਹਾਂ ਵਿਚ ਅਮਰੀਕਾ ਵਿਚ 87180 ਲੋਕਾਂ ਦੀ ਮੌਤ ਹੋ ਚੁਕੀ ਹੈ ਯਾਨੀ ਪ੍ਰਤੀ ਇਕ ਲੱਖ ਆਬਾਦੀ 'ਤੇ ਇਹ ਦਰ 26.6 ਦੀ ਹੈ। ਬਰਤਾਨੀਆ ਵਿਚ 34636 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਇੰਜ ਲਾਗ ਤੋਂ ਮੌਤ ਦੀ ਦਰ ਲਗਭਗ 52.1 ਲੋਕ ਪ੍ਰਤੀ ਇਕ ਲੱਖ ਹੈ। ਇਟਲੀ ਵਿਚ 31908 ਲੋਕਾਂ ਦੀ ਮੌਤ ਨਾਲ ਇਹ ਦਰ ਲਗਭਗ 52.8, ਫ਼ਰਾਂਸ ਵਿਚ 28059 ਮਾਮਲਿਆਂ ਨਾਲ 41.9 ਮੌਤਾਂ ਅਤੇ ਸਪੇਨ ਵਿਚ ਲਾਗ ਤੋਂ 27650 ਲੋਕਾਂ ਦੀ ਮੌਤ ਨਾਲ ਇਹ ਦਰ ਲਗਭਗ 59.2 ਪ੍ਰਤੀ ਲੱਖ ਹੈ।

ਜਰਮਨੀ, ਈਰਾਨ, ਕੈਨੇਡਾ, ਨੀਦਰਲੈਂਡ ਅਤੇ ਮੈਕਸਿਕੋ ਵਿਚ ਇਹ ਦਰ ਕ੍ਰਮਵਾਰ ਲਗਭਗ 9.6, 8.5, 15.4, 33.0 ਅਤੇ 4.0 ਮੌਤ ਪ੍ਰਤੀ ਲੱਖ ਹੈ। ਸਿਹਤ ਮੰਤਰਾਲੇ ਨੇ ਕਿਹਾ, 'ਮੌਤ ਦੇ ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਵਿਚ ਵੇਲੇ ਸਿਰ ਮਾਮਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਕਲੀਨਿਕ ਪ੍ਰਬੰਧ ਕੀਤਾ ਗਿਆ।' ਚੀਨ ਵਿਚ ਹੁਣ ਤਕ 4645 ਲੋਕਾਂ ਦੀ ਮੌਤ ਹੋਈ ਹੈ ਅਤੇ ਉਥੇ ਮੌਤ ਦੀ ਦਰ ਲਗਭਗ 0.3 ਮੌਤ ਪ੍ਰਤੀ ਲੱਖ ਆਬਾਦੀ ਹੈ। ਮੰਤਰਾਲੇ ਮੁਤਾਬਲ ਅੱਜ 385 ਸਰਕਾਰੀ ਅਤੇ 158 ਨਿਜੀ ਲੈਬਾਂ ਵਿਚ ਜਾਂਚ ਹੋ ਰਹੀ ਹੈ।  (ਏਜੰਸੀ)