ਪੜੋ ਪੰਜਾਬ ਪੜਾਓ ਪੰਜਾਬ ਹੇਠ ਸ਼ੋਅ ਐਂਡ ਟੈੱਲ ਥੀਮ ’ਤੇ ਅਧਾਰਿਤ ਵਿਦਿਆਰਥੀਆਂ ਦੇ ਮੁਕਾਬਲੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

School Students

ਚੰਡੀਗੜ: ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤੀਭਾ ਨੂੰ ਉਭਾਰਨ ਲਈ ਸਕੂਲ ਪੱਧਰ ’ਤੇ ‘ਸ਼ੋਅ ਐਂਡ ਟੈੱਲ’ ਥੀਮ ਹੇਠ ਮੁਕਾਬਲੇ ਸ਼ੁਰੂ ਕਰ ਦਿੱਤੇ ਹਨ। ਇਹ ਮੁਕਾਬਲੇ 25 ਮਈ ਤੱਕ ਚੱਲਣਗੇ।

ਇਸ ਦੀ ਜਾਣਕਾਰੀ ਦਿੰਦਿਆਂ ਐੱਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆਂ ਨੇ ਦੱਸਿਆ ਕਿ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਇਹ ਸਕੂਲ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ ਅਤੇ ਇਹ 25 ਮਈ ਤੱਕ ਜਾਰੀ ਰਹਿਣਗੇ।

ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਇਹ ਮੁਕਾਬਲੇ ਆਨਲਾਈਨ ਕਰਵਾਏ ਜਾ ਰਹੇ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਦੇ ਮਿਆਰ ’ਚ ਸੁਧਾਰ ਲਿਆਉਣ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਭਾਸ਼ਾ ਵਿੱਚ ਨਿਪੁੰਨਤਾ ਪ੍ਰਦਾਨ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਚਾਲ, ਪੜਨ ਅਤੇ ਲਿਖਣ ਦੀ ਪ੍ਰਤੀਭਾ ਨੂੰ ਨਿਖਾਰਿਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਛੇਵੀਂ ਜਮਾਤ ਦੇ ਮੁਕਾਬਲ ਅੱਜ 20 ਮਈ ਨੂੰ ਕਰਵਾ ਦਿੱਤੇ ਹਨ ਜਦਕਿ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਅੱਠ ਵੱਖ-ਵੱਖ ਸਿਰਲੇਖਾਂ ਅਧੀਨ ਮੁਕਾਬਲੇ ਕ੍ਰਮਵਾਰ 21 ਤੇ 22 ਮਈ ਨੂੰ ਹੋਣਗੇ।

ਇਸੇ ਪ੍ਰਕਾਰ ਨੌਵੀਂ ਤੇ ਗਿਆਰਵੀਂ ਦੇ ਮੁਕਾਬਲੇ 24 ਮਈ ਅਤੇ ਦਸਵੀਂ ਤੇ ਬਾਰਵੀਂ ਜਮਾਤ ਦੇ ਮੁਕਾਬਲੇ 25 ਮਈ ਨੂੰ ਕਰਵਾਏ ਜਾਣਗੇ। ਵਿਭਾਗ ਨੇ ਮੁਕਾਬਲਿਆਂ ਦੌਰਾਨ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਜ਼ਿਲਾ/ ਬਲਾਕ ਮੈਂਟਰ ਨੂੰ ਸਬੰਧਿਤ ਅਧਿਆਪਕਾਂ  ਨੂੰ ਸਹਿਯੋਗ ਦੇਣ ਅਤੇ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਮਾਨੀਟਰਿੰਗ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ।