ਕਾਂਗਰਸ ਵਿਧਾਇਕ ਨੇ ਕੇਂਦਰੀ ਸਿਹਤ ਮੰਤਰੀ ਨੂੰ ਭੇਜਿਆ ‘ਗਊ ਮੂਤਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਛਿਆ, ਕੀ ਇਸ ਨਾਲ ਠੀਕ ਹੋ ਸਕਦਾ ਹੈ ਕੋਰੋਨਾ?

P. C. Sharma

ਨਵੀਂ ਦਿੱਲੀ: ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਗਊ ਮੂਤਰ ਤੋਂ ਕੋਰੋਨਾ ਠੀਕ ਹੋਣ ਵਾਲੇ ਬਿਆਨ ’ਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੁਧਵਾਰ ਨੂੰ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਪੀ.ਸੀ. ਸ਼ਰਮਾ ਨੇ ਗਊ ਮੂਤਰ ਦੀ ਸ਼ੀਸ਼ੀ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੂੰ ਕੋਰੀਅਰ ਰਾਹੀਂ ਭੇਜੀ ਅਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਦਾਅਵੇ ਦਾ ਵਿਗਿਆਨਕ ਆਧਾਰ ਪੁਛਿਆ ਹੈ।

ਜ਼ਿਕਰਯੋਗ ਹੈ ਕਿ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੇ ਕੁੱਝ ਦਿਨ ਪਹਿਲਾਂ ਗਊ ਮੂਤਰ ਨਾਲ ਕੋਰੋਨਾ ਠੀਕ ਕਰਨ ਦਾ ਦਾਅਵਾ ਕੀਤਾ ਸੀ। ਪ੍ਰਗਿਆ ਠਾਕੁਰ ਨੇ ਕਿਹਾ ਸੀ, “ਗਊ ਮੂਤਰ ਪੀਣ ਨਾਲ ਫੇਫੜਿਆਂ ਦੀ ਲਾਗ ਦੂਰ ਹੁੰਦੀ ਹੈ। ਮੈਂ ਖੁਦ ਗਊ ਮੂਤਰ ਦੀ ਵਰਤੋਂ ਕਰਦੀ ਹਾਂ ਅਤੇ ਇਸ ਲਈ ਮੈਨੂੰ ਅਜੇ ਤਕ ਕੋਰੋਨਾ ਦੀ ਕੋਈ ਦਵਾਈ ਨਹੀਂ ਲੈਣੀ ਪਈ ਅਤੇ ਨਾ ਹੀ ਮੈਨੂੰ ਅਜੇ ਤਕ ਕੋਰੋਨਾ ਹੋਇਆ ਹੈ।”

ਪੀਸੀ ਸ਼ਰਮਾ ਨੇ ਬੁਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਅਤੇ ਰਾਸਟਰੀ ਸਿਹਤ ਮਿਸ਼ਨ ਨੂੰ ਇਕ ਪੱਤਰ ਲਿਖਿਆ ਅਤੇ ਮੰਗ ਕੀਤੀ ਕਿ ਸਾਧਵੀ  ਪ੍ਰਗਿਆ ਸਿੰਘ ਠਾਕੁਰ ਦੇ ਦਾਅਵੇ ਦਾ ਵਿਗਿਆਨਕ ਸਬੂਤ ਕੀ ਹੈ? ਕਾਂਗਰਸ ਵਿਧਾਇਕ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਕ ਪੱਤਰ ਵੀ ਭੇਜਿਆ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕੀ ਆਈਸੀਐਮਆਰ ਅਤੇ ਡੀਆਰਡੀਓ ਭਾਜਪਾ ਸੰਸਦ ਮੈਂਬਰ ਦੇ ਇਸ ਦਾਅਵੇ ਦੀ ਸੱਚਾਈ ਦੁਨੀਆ ਦੇ ਸਾਹਮਣੇ ਲਿਆਉਣਗੇ?

ਕਾਂਗਰਸ ਵਿਧਾਇਕ ਦਾ ਕਹਿਣਾ ਹੈ ਕਿ ਗਊ ਨੂੰ ਮਾਂ ਦਾ ਦਰਜਾ ਦਿਤਾ ਜਾਂਦਾ ਹੈ ਪਰ ਕੀ ਸੰਸਦ ਮੈਂਬਰਾਂ ਦਾ ਬਿਆਨ ਉਸ ਸਮੇਂ ਗੁਮਰਾਹ ਨਹੀਂ ਕਰ ਰਿਹਾ ਜਦੋਂ ਕੋਰੋਨਾ ਪਿੰਡਾਂ ਵਿਚ ਫੈਲ ਰਿਹਾ ਹੈ? ਪੀ ਸੀ ਸਰਮਾ ਨੇ ਕੇਂਦਰੀ ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਪ੍ਰਗਿਆ ਸਿੰਘ ਠਾਕੁਰ ਦੇ ਦਾਅਵੇ ਨੂੰ ਵਿਗਿਆਨਕ ਸਬੂਤ ਦੇ ਨਾਲ ਲੋਕਾਂ ਸਾਹਮਣੇ ਰਖਿਆ ਜਾਵੇ।

ਪੱਤਰ ’ਚ, ਪੀਸੀ ਸਰਮਾ ਨੇ ਲਿਖਿਆ ਹੈ ਕਿ “ਕੀ ਆਈਸੀਐਮਆਰ ਅਤੇ ਡੀਆਰਡੀਓ ਨੇ ਵਿਗਿਆਨਕ ਤੌਰ’ ਤੇ ਸਵੀਕਾਰ ਕੀਤਾ ਹੈ ਕਿ ਗਊ ਮੂਤਰ ਕੋਰੋਨਾ ਨੂੰ ਠੀਕ ਕਰ ਸਕਦਾ ਹੈ? ਅਸੀਂ ਗਊ ਨੂੰ ਮਾਂ ਮੰਨਦੇ ਹਾਂ, ਪਰ ਕੀ ਸਾਡੀਆਂ ਧਾਰਮਕ ਭਾਵਨਾਵਾਂ ਦੇਸ਼ ਅਤੇ ਸੂਬਿਆਂ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਨਹੀਂ ਵਰਤੀਆਂ ਜਾ ਰਹੀਆਂ? ਕੀ ਕੇਂਦਰੀ ਸਿਹਤ ਵਿਭਾਗ ਅਤੇ ਮੱਧ ਪ੍ਰਦੇਸ਼ ਦੇ ਸਿਹਤ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ, ਬਲੈਕ ਫ਼ੰਗਸ ਦਾ ਇਲਾਜ ਗਊ ਮੂਤਰ ਨਾਲ ਕੀਤਾ ਜਾਏਗਾ?

ਕੀ ਹੁਣ ਵੈਕਸੀਨ ਲਗਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਅਤੇ ਆਈਸੀਐਮਆਰ ਅਤੇ ਡੀਆਰਡੀਓ ਇਸ ਨੂੰ ਵਿਗਿਆਨਕ ਤੌਰ ਤੇ ਪ੍ਰਮਾਣਿਤ ਕਰਦੇ ਹਨ? ਇਸ ਲਈ, ਮੈਂ ਤੁਹਾਨੂੰ ਗਊ ਮੂਤਰ ਦੀ ਬੋਤਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਇਸ ਸੰਦਰਭ ਵਿਚ ਵਿਗਿਆਨਕ ਪ੍ਰਮਾਣ ਪੱਤਰਾਂ ਨਾਲ ਕੋਰੋਨਾ ਤੋਂ ਪੀੜਤ ਦੇਸ਼ ਦੇ ਲੋਕਾਂ ਨੂੰ ਕੋਰੋਨਾ ਤੋਂ ਜਾਨਾਂ ਬਚਾਉਣ ਲਈ ਸਹੀ ਸੰਦੇਸ ਦੇਵੋਗੇ।”