ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ : ਉਸਾਰੀ ਅਧੀਨ ਸੁਰੰਗ ਦਾ ਕੁਝ ਹਿੱਸਾ ਡਿੱਗਿਆ, ਦਰਜਨ ਦੇ ਕਰੀਬ ਮਜ਼ਦੂਰ ਫਸੇ 

ਏਜੰਸੀ

ਖ਼ਬਰਾਂ, ਰਾਸ਼ਟਰੀ

3 ਨੂੰ ਬਚਾਇਆ ਗਿਆ, ਰਾਹਤ ਅਤੇ ਬਚਾਅ ਕਾਰਜ ਜਾਰੀ

tunnel under construction collapsed

3 ਨੂੰ ਬਚਾਇਆ ਗਿਆ, ਰਾਹਤ ਅਤੇ ਬਚਾਅ ਕਾਰਜ ਜਾਰੀ 
ਜੰਮੂ:
ਜੰਮੂ-ਕਸ਼ਮੀਰ 'ਚ ਰਾਮਬਨ ਅਤੇ ਰਾਮਸੂ ਵਿਚਕਾਰ ਰਾਸ਼ਟਰੀ ਰਾਜਮਾਰਗ 'ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਕੁਝ ਹਿੱਸਾ ਢਹਿ ਗਿਆ। ਇਸ ਕਾਰਨ ਉਥੇ ਕੰਮ ਕਰ ਰਹੇ 13 ਮਜ਼ਦੂਰ ਮਲਬੇ 'ਚ ਫਸ ਗਏ। 3 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦਾ ਕਹਿਣਾ ਹੈ ਕਿ 10 ਮਜ਼ਦੂਰ ਅਜੇ ਵੀ ਮਲਬੇ 'ਚ ਫਸੇ ਹੋਏ ਹਨ। ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਇਹ ਹਾਦਸਾ ਰਾਮਬਨ ਜ਼ਿਲ੍ਹੇ ਦੇ ਮੇਕਰਕੋਟ ਇਲਾਕੇ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੇੜੇ ਖੂਨੀ ਨਾਲੇ  'ਤੇ ਵੀਰਵਾਰ ਰਾਤ ਕਰੀਬ 10 ਵਜੇ ਵਾਪਰਿਆ, ਜਿੱਥੇ ਸੁਰੰਗ ਬਣਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੁਰੰਗ ਦੇ ਡਿੱਗਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਫ਼ੌਜ ਵੱਲੋਂ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਚਲਾਈ ਗਈ। ਇਸ ਹਾਦਸੇ ਵਿੱਚ ਸੁਰੰਗ ਦੇ ਅੱਗੇ ਖੜ੍ਹੇ ਵਾਹਨ, ਬੁਲਡੋਜ਼ਰ, ਟਰੱਕ ਸਮੇਤ ਕਈ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ ਹਨ।

ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ, ‘ਮੈਂ ਲਗਾਤਾਰ ਡੀਸੀ ਮੁਸਰਤ ਇਸਲਾਮ ਦੇ ਸੰਪਰਕ ਵਿੱਚ ਹਾਂ। ਕਰੀਬ 10 ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ, ਜਦਕਿ 2 ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਲਾਪਤਾ ਮਜ਼ਦੂਰਾਂ ਵਿਚ 5 ਪੱਛਮੀ ਬੰਗਾਲ, ਦੋ ਨੇਪਾਲ, ਇੱਕ ਅਸਾਮ ਅਤੇ ਦੋ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਜਾਦਵ ਰਾਏ (23), ਗੌਤਮ ਰਾਏ (22), ਸੁਧੀਰ ਰਾਏ (31), ਦੀਪਕ ਰਾਏ (33), ਪਰਿਮਲ ਰਾਏ (38) ਵਾਸੀ ਪੱਛਮੀ ਬੰਗਾਲ, ਨਵਾਜ਼ ਚੌਧਰੀ (26), ਕੁਸ਼ੀ ਰਾਮ (25), ਸ਼ਿਵ ਚੌਹਾਨ (26) ਵਾਸੀ ਆਸਾਮ, ਮੁਜ਼ੱਫਰ (38), ਇਸਰਤ (30) ਵਾਸੀ ਜੰਮੂ-ਕਸ਼ਮੀਰ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਖਮੀ ਮਜ਼ਦੂਰਾਂ ਵਿੱਚ ਵਿਸ਼ਨੂੰ ਗੋਲਾ (33) ਵਾਸੀ ਝਾਰਖੰਡ ਅਤੇ ਅਮੀਨ (26) ਵਾਸੀ ਜੰਮੂ-ਕਸ਼ਮੀਰ ਸ਼ਾਮਲ ਹਨ। ਡੀਸੀ ਰਾਮਬਨ, ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ, ਡੀਆਈਜੀ ਅਤੇ ਐਸਐਸਪੀ ਰਾਮਬਨ ਮੌਕੇ ’ਤੇ ਮੌਜੂਦ ਹਨ।