ਦੇਸ਼ 'ਚ Omicron BA.4 ਨੇ ਦਿੱਤੀ ਦਸਤਕ, ਹੈਦਰਾਬਾਦ 'ਚ ਮਿਲਿਆ ਪਹਿਲਾ ਮਾਮਲਾ
ਇਸ ਲਾਗ ਨੂੰ ਬਹੁਤ ਘਾਤਕ ਮੰਨਿਆ ਜਾਂਦਾ ਹੈ ਜੋ ਵੈਕਸੀਨ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹੈਦਰਾਬਾਦ - ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਮਹੱਤਵਪੂਰਨ ਗਿਰਾਵਟ ਆਈ ਹੈ। ਇਸ ਦੌਰਾਨ ਭਾਰਤ 'ਚ ਓਮੀਕਰੋਨ ਦਾ ਇਕ ਹੋਰ ਸਬ-ਵੇਰੀਐਂਟ ਪਾਇਆ ਗਿਆ ਹੈ। Omicron ਦਾ BA.4 ਵੇਰੀਐਂਟ ਭਾਰਤ 'ਚ ਪਾਇਆ ਗਿਆ ਹੈ। ਇਸ ਦਾ ਪਹਿਲਾ ਵੇਰੀਐਂਟ ਹੈਦਰਾਬਾਦ 'ਚ ਮਿਲਿਆ ਹੈ। ਦੇਸ਼ 'ਚ ਇਸ ਵੇਰੀਐਂਟ ਦਾ ਇਹ ਪਹਿਲਾ ਮਾਮਲਾ ਹੈ। ਇਸ ਵੇਰੀਐਂਟ ਦਾ ਪਤਾ ਕੋਵਿਡ-19 ਜੀਨੋਮਿਕ ਸਰਵੇਲੈਂਸ ਪ੍ਰੋਗਰਾਮ ਰਾਹੀਂ ਲੱਗਿਆ ਸੀ।
ਇਸ ਵੇਰੀਐਂਟ ਦੇ ਮਿਲਣ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਕਿ ਇਹ ਵੇਰੀਐਂਟ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਪਾਇਆ ਜਾ ਸਕਦਾ ਹੈ। ਦੱਸ ਦੇਈਏ ਕਿ SARS CoV 2 ਵਾਇਰਸ ਦਾ ਇਹ ਸਟ੍ਰੇਨ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਸੀ। ਇਸ ਤੋਂ ਬਾਅਦ ਇਹ ਵੇਰੀਐਂਟ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੀ ਪਾਇਆ ਗਿਆ। ਇਸ ਲਾਗ ਨੂੰ ਬਹੁਤ ਘਾਤਕ ਮੰਨਿਆ ਜਾਂਦਾ ਹੈ ਜੋ ਵੈਕਸੀਨ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹਾਲਾਂਕਿ ਭਾਰਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਵੱਡੀ ਗਿਣਤੀ ਵਿਚ ਟੀਕਾਕਰਨ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਵਿਚ ਐਂਟੀ-ਬਾਡੀਜ਼ ਬਣ ਚੁੱਕੇ ਹਨ। ਲੋਕਾਂ ਦੇ ਸਰੀਰ ਕੋਰੋਨਾ ਨਾਲ ਲੜਨ ਦੇ ਯੋਗ ਹੋ ਗਏ ਹਨ, ਇਸ ਲਈ ਇਸ ਵੇਰੀਐਂਟ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ।