NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਫਰਾਰ ਸਹਿਯੋਗੀ ਨੂੰ ਕੀਤਾ ਗ੍ਰਿਫ਼ਤਾਰ  

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਫਤਿਹਾਬਾਦ ਦਾ ਰਹਿਣ ਵਾਲਾ ਯੁੱਧਵੀਰ ਸਿੰਘ ਉਰਫ਼ ਸਾਧੂ ਜੇਲ੍ਹ ਵਿਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ। 

NIA arrests fugitive associate of gangster Lawrence Bishnoi

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਦੇ ਫਤਿਹਾਬਾਦ ਦਾ ਰਹਿਣ ਵਾਲਾ ਯੁੱਧਵੀਰ ਸਿੰਘ ਉਰਫ਼ ਸਾਧੂ ਜੇਲ੍ਹ ਵਿਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ। 

ਉਹ ਪਿਛਲੇ ਕਈ ਦਿਨਾਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਯੁੱਧਵੀਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਖ਼ਤਰਨਾਕ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਵਰਤੋਂ ਲਈ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦਾ ਸੀ। ਲਾਰੈਂਸ ਬਿਸ਼ਨੋਈ ਅਤੇ ਸਿੰਡੀਕੇਟ ਦੇ ਮੈਂਬਰਾਂ ਦੇ ਨਿਰਦੇਸ਼ਾਂ 'ਤੇ ਉਹ ਅਪਰਾਧਿਕ ਗਿਰੋਹ ਦੇ ਮੈਂਬਰਾਂ ਸਮੇਤ ਕਤਲ, ਫਿਰੌਤੀ ਆਦਿ ਵਿਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦਿੰਦਾ ਸੀ। 

ਜਿਸ ਮਾਮਲੇ ਵਿਚ ਯੁੱਧਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਐਨਆਈਏ ਨੇ ਪਹਿਲਾਂ 24 ਮਾਰਚ 2023 ਨੂੰ 14 ਮੁਲਜ਼ਮਾਂ ਖ਼ਿਲਾਫ਼ ਆਈਪੀਸੀ, ਆਰਮਜ਼ ਐਕਟ ਅਤੇ ਯੂਏ(ਪੀ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਹ ਕੇਸ ਭਾਰਤ ਅਤੇ ਵਿਦੇਸ਼ਾਂ ਵਿਚ ਸਥਿਤ ਅਪਰਾਧਿਕ ਸਿੰਡੀਕੇਟ/ਗੈਂਗ ਦੇ ਮੈਂਬਰਾਂ ਦੁਆਰਾ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਇਕੱਠਾ ਕਰਨ ਅਤੇ ਨੌਜਵਾਨਾਂ ਦੀ ਭਰਤੀ ਕਰਨ ਲਈ ਰਚੀ ਗਈ ਸਾਜ਼ਿਸ਼ ਨਾਲ ਸਬੰਧਤ ਹੈ। 

ਐਨਆਈਏ ਦੀ ਜਾਂਚ ਵਿਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਜ਼ਿਸ਼ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿਚ ਰਚੀ ਜਾ ਰਹੀ ਸੀ ਅਤੇ ਵਿਦੇਸ਼ਾਂ ਵਿਚ ਸਥਿਤ ਆਪਰੇਟਿਵਾਂ ਦੇ ਇੱਕ ਸੰਗਠਿਤ ਨੈੱਟਵਰਕ ਦੁਆਰਾ ਇਸ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਅਤਿਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਚਕਾਰ ਵਧ ਰਹੇ ਗਠਜੋੜ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਦੇ ਫੰਡਿੰਗ ਅਤੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ ਲਈ ਐਨਆਈਏ ਦੇ ਯਤਨਾਂ ਦੇ ਹਿੱਸੇ ਵਜੋਂ ਇਹਨਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਹੈ।