1984 ਸਿੱਖ ਕਤਲੇਆਮ ਮਾਮਲਾ : ਜਗਦੀਸ਼ ਟਾਈਟਲਰ ਨੇ ਦੋਸ਼ ਤੈਅ ਕਰਨ ਦੀਆਂ ਦਲੀਲਾਂ ਪੂਰੀਆਂ ਕੀਤੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

1984 ਤੋਂ 2022-23 ਤਕ ਇਸ ਕੇਸ ’ਚ ਕੋਈ ਗਵਾਹ ਨਹੀਂ ਸੀ, ਇੰਨੇ ਲੰਮੇ ਸਮੇਂ ਬਾਅਦ ਬਣਾਏ ਗਏ ਗਵਾਹਾਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? : ਵਕੀਲ ਮਨੂ ਸ਼ਰਮਾ

Jagdish Tytler

ਨਵੀਂ ਦਿੱਲੀ, 20 ਮਈ: ਰਾਊਜ਼ ਐਵੇਨਿਊ ਕੋਰਟ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ’ਚ ਦੋਸ਼ੀ ਜਗਦੀਸ਼ ਟਾਈਟਲਰ ਦੀ ਤਰਫੋਂ ਦਲੀਲਾਂ ਪੂਰੀਆਂ ਕਰ ਲਈਆਂ ਹਨ। ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਤੈਅ ਕੀਤੀ ਹੈ। 

ਜਗਦੀਸ਼ ਟਾਈਟਲਰ ਸੋਮਵਾਰ ਨੂੰ ਸੁਣਵਾਈ ਦੌਰਾਨ ਵੀਡੀਉ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਜਗਦੀਸ਼ ਟਾਈਟਲਰ ਵਲੋਂ ਪੇਸ਼ ਹੋਏ ਵਕੀਲ ਮਨੂ ਸ਼ਰਮਾ ਨੇ ਕਿਹਾ ਕਿ ਸੀ.ਬੀ.ਆਈ. ਨੇ ਇਸ ਮਾਮਲੇ ’ਚ ਦੋ ਕਲੋਜ਼ਰ ਰੀਪੋਰਟਾਂ ਦਾਇਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਹਿ-ਦੋਸ਼ੀ ਸੁਰੇਸ਼ ਕੁਮਾਰ ਪਾਨੇਵਾਲਾ ਵਿਰੁਧ 2009 ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ ਸੀ। ਮਨੂ ਸ਼ਰਮਾ ਨੇ ਕਿਹਾ ਕਿ 1984 ਤੋਂ 2022-23 ਤਕ ਇਸ ਕੇਸ ’ਚ ਕੋਈ ਗਵਾਹ ਨਹੀਂ ਸੀ। ਇੰਨੇ ਲੰਮੇ ਸਮੇਂ ਬਾਅਦ ਬਣਾਏ ਗਏ ਗਵਾਹਾਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਇਸ ਤੋਂ ਪਹਿਲਾਂ ਸ਼ਰਮਾ ਨੇ ਜਗਦੀਸ਼ ਟਾਈਟਲਰ ਨੂੰ ਬਰੀ ਕਰਨ ਦੀ ਮੰਗ ਕੀਤੀ ਸੀ। 

ਜਗਦੀਸ਼ ਟਾਈਟਲਰ ਨੇ ਗੁਰਪਤਵੰਤ ਪੰਨੂ ਦਾ ਨਾਮ ਲੈਂਦਿਆਂ ਕਿਹਾ ਸੀ ਕਿ ਪੰਨੂ ਗਵਾਹਾਂ ਦਾ ਵਕੀਲ ਹੈ ਅਤੇ ਉਸ ਨੂੰ ਭਾਰਤ ਵਲੋਂ ਅਤਿਵਾਦੀ ਐਲਾਨਿਆ ਗਿਆ ਸੀ, ਇਸ ਲਈ ਜਗਦੀਸ਼ ਟਾਈਟਲਰ ਵਿਰੁਧ ਮੁਕੱਦਮਾ ਚਲਾਉਣ ਦਾ ਕੋਈ ਮਤਲਬ ਨਹੀਂ ਹੈ ਅਤੇ ਉਸ ਨੂੰ ਇਸ ਕੇਸ ’ਚ ਬਰੀ ਕਰ ਦਿਤਾ ਜਾਣਾ ਚਾਹੀਦਾ ਹੈ। ਸੀ.ਬੀ.ਆਈ. ਨੇ 16 ਅਪ੍ਰੈਲ ਨੂੰ ਇਸ ਮਾਮਲੇ ’ਚ ਦੋਸ਼ ਤੈਅ ਕਰਨ ਬਾਰੇ ਦਲੀਲਾਂ ਪੂਰੀਆਂ ਕਰ ਲਈਆਂ ਸਨ। 

4 ਅਗੱਸਤ, 2023 ਨੂੰ ਰਾਊਜ਼ ਐਵੇਨਿਊ ਕੋਰਟ ਦੀ ਸੈਸ਼ਨ ਕੋਰਟ ਨੇ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿਤੀ ਸੀ। ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁਧ 26 ਜੁਲਾਈ 2023 ਨੂੰ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ। ਸੀ.ਬੀ.ਆਈ. ਨੇ ਇਸ ਮਾਮਲੇ ’ਚ ਟਾਈਟਲਰ ’ਤੇ ਭਾਰਤੀ ਦੰਡਾਵਲੀ ਦੀ ਧਾਰਾ 147, 109 ਅਤੇ 302 ਤਹਿਤ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਮੁਤਾਬਕ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ। ਇਸ ਤੋਂ ਬਾਅਦ ਭੀੜ ਨੇ ਪੁਲਬੰਗਸ਼ ਦੇ ਗੁਰਦੁਆਰੇ ਨੂੰ ਅੱਗ ਲਾ ਦਿਤੀ ਸੀ।