PM Modi News: ਓਡੀਸ਼ਾ ਦੇ ਲੋਕਾਂ ਨੇ ਬਦਲਾਅ ਲਈ ਆਪਣਾ ਮਨ ਬਣਾ ਲਿਆ ਹੈ, ਬੀਜੇਡੀ ਲਈ ਬਚਣਾ ਮੁਸ਼ਕਲ: ਪੀਐੱਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਵੇਂ ਸਾਡੇ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ, ਪਰ ਅਸੀਂ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਹਾਂ।

PM Modi

PM Modi News: ਭੁਵਨੇਸ਼ਵਰ - ਓਡੀਸ਼ਾ 'ਚ ਭਾਜਪਾ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ 'ਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਵਿਰੁੱਧ ਸੱਤਾ ਵਿਰੋਧੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਖੇਤਰੀ ਪਾਰਟੀ ਦਾ ਬਚਣਾ ਹੁਣ ਬਹੁਤ ਮੁਸ਼ਕਿਲ ਹੋ ਗਿਆ ਹੈ।

ਚੋਣ ਪ੍ਰਚਾਰ ਲਈ ਪੂਰਬੀ ਰਾਜ 'ਚ ਆਏ ਮੋਦੀ ਨੇ ਐਤਵਾਰ ਰਾਤ ਨੂੰ ਪੀਟੀਆਈ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਲੋਕਾਂ ਨੇ ਓਡੀਸ਼ਾ 'ਚ ਬਦਲਾਅ ਦਾ ਮਨ ਬਣਾ ਲਿਆ ਹੈ। ਓਡੀਸ਼ਾ ਵਿਚ ਵਿਧਾਨ ਸਭਾ ਚੋਣਾਂ ਸੰਸਦੀ ਚੋਣਾਂ ਦੇ ਨਾਲ-ਨਾਲ ਹੋ ਰਹੀਆਂ ਹਨ। 

ਪੀਐੱਮ ਮੋਦੀ ਨੇ ਕਿਹਾ ਕਿ ਲੋਕ ਕੇਂਦਰ 'ਚ ਸਰਕਾਰ ਚੁਣਨ ਲਈ ਭਾਜਪਾ ਨੂੰ ਵੋਟ ਦੇਣਗੇ ਜਦਕਿ ਸਮਾਜ ਦਾ ਇਕ ਵਰਗ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਰੁੱਧ ਸੱਤਾ ਵਿਰੋਧੀ ਲਹਿਰ ਕਾਰਨ ਬੀਜੇਡੀ ਦੇ ਖਿਲਾਫ਼ ਵੋਟ ਦੇਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਭਾਜਪਾ ਕੋਲ ਪਟਨਾਇਕ ਵਰਗਾ ਪ੍ਰਸਿੱਧ ਚਿਹਰਾ ਨਹੀਂ ਹੈ ਅਤੇ ਕੀ ਇਸ ਨਾਲ ਉਸ ਦੀਆਂ ਚੋਣ ਸੰਭਾਵਨਾਵਾਂ 'ਤੇ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ ਕਿ 'ਅਸੀਂ ਲੋਕਾਂ ਦੇ ਵਿਸ਼ਵਾਸ ਦੇ ਬਲ 'ਤੇ ਚੋਣਾਂ ਜਿੱਤਾਂਗੇ।

ਭਾਵੇਂ ਸਾਡੇ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ, ਪਰ ਅਸੀਂ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਹਾਂ। ਲੋਕ ਸਭਾ ਚੋਣਾਂ 'ਚ ਵੀ ਅਸੀਂ ਸੂਬੇ 'ਚ ਦੂਜੇ ਸਥਾਨ 'ਤੇ ਰਹੇ ਹਾਂ। ਮੇਰੀ ਟੀਮ ਨੇ ਦੂਜੇ ਸਥਾਨ ਤੋਂ ਪਹਿਲੇ ਸਥਾਨ 'ਤੇ ਪਹੁੰਚਣ ਲਈ ਪਿਛਲੇ ਪੰਜ ਸਾਲਾਂ ਵਿਚ ਬਹੁਤ ਮਿਹਨਤ ਕੀਤੀ ਹੈ। ’’  ਉਨ੍ਹਾਂ ਕਿਹਾ ਕਿ ਮੈਂ ਆਪਣੀਆਂ ਰੈਲੀਆਂ 'ਚ ਦੇਖ ਰਿਹਾ ਹਾਂ ਕਿ ਸੂਬਾ ਸਰਕਾਰ ਵਿਰੁੱਧ ਨਕਾਰਾਤਮਕ ਭਾਵਨਾ ਬਹੁਤ ਜ਼ਿਆਦਾ ਹੈ, ਇਸ ਲਈ ਬੀਜੇਡੀ ਲਈ ਬਚਣਾ ਬਹੁਤ ਮੁਸ਼ਕਲ ਹੈ। ’’

ਲੋਕ ਸਭਾ ਚੋਣਾਂ ਵੱਖਰੇ ਤੌਰ 'ਤੇ ਲੜਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ 2014 ਅਤੇ 2019 ਦੀਆਂ ਚੋਣਾਂ 'ਚ ਬੀਜੇਡੀ ਵਿਰੁੱਧ ਲੜੀਆਂ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਲੋਕਾਂ ਨੇ ਭਾਜਪਾ ਦਾ ਵੱਡੇ ਪੱਧਰ 'ਤੇ ਸਮਰਥਨ ਕੀਤਾ ਸੀ।

ਸੰਸਦ 'ਚ ਕਈ ਮੁੱਦਿਆਂ 'ਤੇ ਸਰਕਾਰ ਨੂੰ ਬੀਜੇਡੀ ਦੇ ਸਮਰਥਨ ਬਾਰੇ ਪੁੱਛੇ ਜਾਣ 'ਤੇ ਮੋਦੀ ਨੇ ਕਿਹਾ ਕਿ ਬੀਜੇਡੀ ਉਨ੍ਹਾਂ ਕਈ ਪਾਰਟੀਆਂ 'ਚੋਂ ਇਕ ਹੈ ਜੋ ਸਮੇਂ-ਸਮੇਂ 'ਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਵਚਨਬੱਧਤਾ ਹੈ ਕਿ ਜੋ ਵੀ ਭਾਜਪਾ ਨੇਤਾ ਓਡੀਸ਼ਾ ਦਾ ਅਗਲਾ ਮੁੱਖ ਮੰਤਰੀ ਬਣੇਗਾ, ਉਹ ਸੂਬੇ ਦੀ ਧਰਤੀ ਦਾ ਪੁੱਤਰ ਹੋਵੇਗਾ। ਸੂਬੇ ਦੇ ਲੋਕਾਂ ਨੇ ਬੀਜੇਡੀ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦਿੱਤਾ ਹੈ ਅਤੇ ਹੁਣ ਉਹ ਬਿਹਤਰ ਵਿਕਲਪ ਦੇ ਹੱਕਦਾਰ ਹਨ। ’’

ਓਡੀਸ਼ਾ 'ਚ ਭਾਜਪਾ ਦੀਆਂ ਲੋਕ ਸਭਾ ਸੀਟਾਂ ਦੀ ਗਿਣਤੀ 2019 'ਚ ਇਕ ਤੋਂ ਵਧ ਕੇ ਅੱਠ ਹੋ ਗਈ। ਓਡੀਸ਼ਾ ਵਿਚ 21 ਲੋਕ ਸਭਾ ਸੀਟਾਂ ਹਨ।
ਭਾਜਪਾ ਰਾਜ ਦੀ ਰਾਜਨੀਤੀ ਵਿਚ ਬੀਜੇਡੀ ਨੂੰ ਸਭ ਤੋਂ ਵੱਡੀ ਚੁਣੌਤੀ ਵਜੋਂ ਉਭਰੀ ਹੈ, ਜਦੋਂ ਕਿ ਕਾਂਗਰਸ, ਜੋ ਕਦੇ ਸ਼ਕਤੀਸ਼ਾਲੀ ਸੀ, ਸੰਘਰਸ਼ ਵਿਚੋਂ ਲੰਘ ਰਹੀ ਹੈ।