ਕਿਸਾਨਾਂ ਦੀ ਆਮਦਨ 2022 ਤਕ ਦੁਗਣੀ ਹੋਵੇਗੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਕਿਸਾਨਾਂ ਨਾਲ ਸੰਵਾਦ ਕਰਦਿਆਂ ਖੇਤੀ ਖੇਤਰ ਦਾ ਬਜਟ ਦੁਗਣਾ ਕਰ ਕੇ 2.12 ਲੱਖ ਕਰੋੜ ਰੁਪਏ ......

Prime Minister Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਕਿਸਾਨਾਂ ਨਾਲ ਸੰਵਾਦ ਕਰਦਿਆਂ ਖੇਤੀ ਖੇਤਰ ਦਾ ਬਜਟ ਦੁਗਣਾ ਕਰ ਕੇ 2.12 ਲੱਖ ਕਰੋੜ ਰੁਪਏ ਕਰਨ ਸਮੇਤ ਇਸ ਖੇਤਰ ਵਿਚ ਅਪਣੀ ਸਰਕਾਰ ਦੇ 'ਮਿਸਾਲੀ ਕੰਮਾਂ' ਦਾ ਵੇਰਵਾ ਪੇਸ਼ ਕੀਤਾ। ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਉਨ੍ਹਾਂ ਦੀ ਸਰਕਾਰ 2022 ਤਕ ਕਿਸਾਨਾਂ ਦੀ ਆਮਦਲ ਦੁਗਣੀ ਕਰਨ ਲਈ ਕੰਮ ਕਰ ਰਹੀ ਹੈ। 

ਮੋਦੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ 600 ਤੋਂ ਵੱਧ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਬੀਜਾਈ ਤੋਂ ਲੈ ਕੇ ਫ਼ਸਲ ਦੇ ਬਾਜ਼ਾਰ ਵਿਚ ਪਹੁੰਚਣ ਤਕ ਕਿਸਾਨਾਂ ਦੀ ਮਦਦ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨੂੰ ਗਿਣਾਇਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਬੀਜ, ਪਾਣੀ ਅਤੇ ਬਿਜਲੀ ਮੁਹਈਆ ਕਰਾਉਣ ਵਲ ਧਿਆਨ ਦੇ ਰਹੀ ਹੈ। ਮੋਦੀ ਨੇ ਕਿਹਾ, 'ਅਸੀਂ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਫ਼ੈਸਲਾ ਕੀਤਾ ਹੈ। ਜਦ ਮੈਂ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗੱਲ ਕੀਤੀ ਤਾਂ ਕਈ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਇਹ ਤਾਂ ਸੰਭਵ ਹੀ ਨਹੀਂ ਹੈ।

ਅਜਿਹਾ ਹੋਣਾ ਬਹੁਤ ਮੁਸ਼ਕਲ ਹੈ। ਅਜਿਹੇ ਲੋਕਾਂ ਨੇ ਨਿਰਾਸ਼ਾ ਦਾ ਮਾਹੌਲ ਬਣਾਇਆ। ਪਰ ਅਸੀਂ ਫ਼ੈਸਲਾ ਕੀਤਾ ਕਿਉਂਕਿ ਮੈਨੂੰ ਕਿਸਾਨਾਂ 'ਤੇ ਭਰੋਸਾ ਹੈ।' ਉਨ੍ਹਾਂ ਕਿਹਾ ਕਿ ਖੇਤੀ ਆਮਦਨ ਵਧਾਉਣ ਲਈ ਸਰਕਾਰੀ ਨੀਤੀ ਵਿਚ ਚਾਰ ਵੱਡੇ ਕਦਮ ਜਿਵੇਂ ਲਾਗਤ ਖ਼ਰਚੇ ਵਿਚ ਕਟੌਤੀ, ਫ਼ਸਲਾਂ ਦੀ ਉਚਿਤ ਕੀਮਤ, ਉਤਪਾਦਾਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਅਤੇ ਆਮਦਨ ਦੇ ਬਦਲਵੇਂ ਸ੍ਰੋਤ ਪੇਦਾ ਕਰਨਾ, ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ 2018-19 ਦੇ ਬਜਟ ਵਿਚ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਤੋਂ 150 ਫ਼ੀ ਸਦੀ ਜ਼ਿਆਦਾ ਮੁੱਲ ਦਿਵਾਉਣ ਲਈ ਕਦਮ ਚੁੱਕੇ ਗਏ ਹਨ। (ਏਜੰਸੀ)