Air India ਦਾ ਕਰਮਚਾਰੀਆਂ ਨੂੰ ਤੋਹਫਾ! ਹਫ਼ਤੇ ‘ਚ 3 ਦਿਨ ਕੰਮ ਕਰ ਕੇ ਮਿਲੇਗੀ 60 ਫੀਸਦੀ ਸੈਲਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਇਕ ਖ਼ਾਸ ਆਫਰ ਦਿੱਤਾ ਜਾ ਰਿਹਾ ਹੈ।

Air India

ਨਵੀਂ ਦਿੱਲੀ: ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਇਕ ਖ਼ਾਸ ਆਫਰ ਦਿੱਤਾ ਜਾ ਰਿਹਾ ਹੈ। ਦਰਅਸਲ ਉਹਨਾਂ ਨੂੰ ਕੋਰੋਨਾ ਸੰਕਟ ਦੇ ਚਲਦਿਆਂ ਕੰਮ ਕਰਨ ਦਾ ਵਿਕਲਪ ਮਿਲ ਰਿਹਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ਾਰਟਰ ਵਰਕਿੰਗ ਵੀਕ ਸਕੀਮ ਲਾਂਚ ਕੀਤੀ ਹੈ।

ਇਸ ਸਕੀਮ ਦੇ ਤਹਿਤ ਪਾਇਲਟ ਅਤੇ ਕਰੂ ਕੈਬਿਨ ਨੂੰ ਛੱਡ ਕੇ ਸਥਾਈ ਕਰਮਚਾਰੀ ਹਫ਼ਤੇ ਵਿਚ 3 ਦਿਨ ਕੰਮ ਕਰਨ ਦਾ ਵਿਕਲਪ ਚੁਣ ਸਕਦੇ ਹਨ। ਹਾਲਾਂਕਿ ਇਸ ਦੌਰਾਨ ਉਹਨਾਂ ਨੂੰ 60 ਫੀਸਦੀ ਸੈਲਰੀ ਮਿਲੇਗੀ। ਇਕ ਖ਼ਬਰ ਅਨੁਸਾਰ ਇਸ ਪਲਾਨ ਨੂੰ ਲੈ ਕੇ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਕੀਮ ਨੂੰ ਲਾਗੂ ਕਰਨ ਦਾ ਸਭ ਤੋਂ ਵੱਡਾ ਮਕਸਦ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਏਅਰ ਇੰਡੀਆ ਦੀ ਨਕਦੀ ਲੈਣ-ਦੇਣ (Cash flow) ਦੀ ਸਥਿਤੀ ਨੂੰ ਸੁਧਾਰਨਾ ਹੈ।

ਅਧਿਕਾਰੀ ਨੇ ਅੱਗੇ ਕਿਹਾ ਕਿ ਸਥਾਈ ਕਰਮਚਾਰੀ ਇਸ ਸਕੀਮ ਨੂੰ ਇਕ ਸਾਲ ਤੱਕ ਲਈ ਚੁਣ ਸਕਦੇ ਹਨ। ਅਧਿਕਾਰੀ ਨੇ ਅਪਣੇ ਬਿਆਨ ਵਿਚ ਅੱਗੇ ਕਿਹਾ ਕਿ ਜੋ ਸਥਾਈ ਕਰਮਚਾਰੀ ਇਸ ਸਕੀਮ ਨੂੰ ਚੁਣਨਗੇ, ਉਹ ਡਿਊਟੀ ਕਰਨ ਤੋਂ ਬਾਅਦ ਹਫ਼ਤੇ ਵਿਚ ਬਾਕੀ ਦਿਨ ਕੋਈ ਹੋਰ ਰੁਜ਼ਗਾਰ ਨਹੀਂ ਕਰ ਸਕਦੇ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਹਵਾਬਾਜ਼ੀ ਉਦਯੋਗ ਨੂੰ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿਚ ਸਾਰੀਆਂ ਹਵਾਈ ਕੰਪਨੀਆਂ ਨੇ ਅਪਣਾ ਨਕਦੀ ਲੈਣ-ਦੇਣ ਸੁਧਾਰਨ ਲਈ ਕਰਮਚਾਰੀਆਂ ਦੀ ਸੈਲਰੀ ਵਿਚ ਕਟੌਤੀ ਕਰਨ ਅਤੇ ਛਾਂਟੀ ਕਰਨ ਆਦਿ ਕਦਮ ਚੁੱਕੇ ਹਨ। ਕੋਰੋਨਾ ਵਾਇਰਸ ਲੌਕਡਾਊਨ ਕਾਰਨ ਕਰੀਬ 2 ਮਹੀਨੇ ਬਾਅਦ 25 ਮਈ ਨੂੰ ਘਰੇਲੂ ਉਡਾਨਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇੰਟਰਨੈਸ਼ਨਲ ਉਡਾਨਾਂ ਹਾਲੇ ਵੀ ਬੰਦ ਹਨ।