ਭਾਰਤੀ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਬ ਪਾਰਟੀ ਮੀਟਿੰਗ 'ਚ ਚੀਨ ਨਾਲ ਤਣਾਅ ਬਾਰੇ ਵਿਚਾਰ ਵਟਾਂਦਰੇ ਕੀਤੇ

PM Narendra Modi

ਨਵੀਂ ਦਿੱਲੀ, 19 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਕਰਵਾਰ ਨੂੰ ਭਾਰਤ-ਚੀਨ ਸਰਹੱਦ 'ਤੇ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਸੱਦੀ ਗਈ ਸਰਬ ਪਾਰਟੀ ਬੈਠਕ ਵਿਚ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਅਪਣੇ ਵਿਚਾਰ ਪ੍ਰਗਟ ਕੀਤੇ। ਇਸ ਡਿਜੀਟਲ ਮੀਟਿੰਗ ਦੀ ਸ਼ੁਰੂਆਤ ਉਨ੍ਹਾਂ 20 ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਜੋ ਪਿਛਲੇ ਦਿਨੀਂ ਪੂਰਬੀ ਲੱਦਾਖ 'ਚ ਚੀਨੀ ਸੈਨਿਕਾਂ ਨਾਲ ਝੜਪ ਵਿਚ ਸ਼ਹੀਦ ਹੋਏ ਸਨ। ਪ੍ਰਧਾਨ ਮੰਤਰੀ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ਹੀਦ ਫ਼ੌਜੀਆਂ ਦੇ ਸਨਮਾਨ ਵਿਚ ਖੜੇ ਹੋ ਕੇ ਮੌਨ ਧਾਰਨ ਕੀਤਾ।  

ਸ਼ੁਰੂਆਤ ਵਿਚ ਰਾਜਨਾਥ ਸਿੰਘ ਅਤੇ ਜੈਸ਼ੰਕਰ ਨੇ ਟਕਰਾਅ ਬਾਰੇ ਗੱਲ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤੀ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਮੀਟਿੰਗ ਵਿਚ ਨਰਿੰਦਰ ਮੋਦੀ ਨੇ ਕਿਹਾ ਕਿ ਨਾ ਤਾਂ ਕਿਸੇ ਵਲੋਂ ਸਾਡੇ ਖੇਤਰ ਵਿਚ ਘੁਸਪੈਠ ਕੀਤੀ ਗਈ ਹੈ ਅਤੇ ਨਾ ਹੀ ਕਬਜ਼ਾ ਹੋਇਆ ਹੈ।

ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐਨਸੀਪੀ ਪ੍ਰਧਾਨ ਸ਼ਰਦ ਪਵਾਰ, ਟੀਆਰਐਸ ਆਗੂ ਕੇ ਚੰਦਰਸ਼ੇਖਰ ਰਾਓ, ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ, ਡੀਐਮਕੇ ਦੇ ਐਮ ਕੇ ਸਟਾਲਿਨ, ਵਾਈਐਸਆਰ ਕਾਂਗਰਸ ਪਾਰਟੀ ਦੇ ਵਾਈਐੱਸ ਜਗਨ ਮੋਹਨ ਰੈਡੀ ਅਤੇ ਸ਼ਿਵ ਸੈਨਾ ਆਗੂ ਉਧਵ ਠਾਕਰੇ ਵੀ ਮੌਜੂਦ ਸਨ। ਸਰਕਾਰ ਵਲੋਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਕਿਹਾ ਹੈ ਕਿ ਸਰਹੱਦ 'ਤੇ ਸਥਿਤੀ ਬਾਰੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਹੈ। (ਪੀਟੀਆਈ)

ਮੀਟਿੰਗ 'ਚ 'ਆਪ' ਨੂੰ ਨਹੀਂ ਦਿਤਾ ਸੱਦਾ : ਪਾਰਟੀ ਆਗੂ
ਨਵੀਂ ਦਿੱਲੀ, 19 ਜੂਨ : ਆਮ ਆਦਮੀ ਪਾਰਟੀ (ਆਪ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੀਨ ਨਾਲ ਸਰਹੱਦ ਤਣਾਅ ਮੁੱਦੇ 'ਤੇ ਸੱਦੀ ਗਈ ਸਰਬਪਾਰਟੀ ਮੀਟਿੰਗ 'ਚ ਸੱਦਾ ਨਹੀਂ ਦਿਤਾ ਗਿਆ ਹੈ। ਪਾਰਟੀ ਦੇ ਦੋ ਸੀਨੀਅਰ ਆਗੂਆਂ ਨੇ ਸ਼ੁਕਰਵਾਰ ਨੂੰ ਇਹ ਦਾਅਵਾ ਕੀਤਾ। ਆਪ ਆਗੂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦੀ ਦਿੱਲੀ 'ਚ ਸਰਕਾਰ ਹੈ ਅਤੇ ਪੰਜਾਬ 'ਚ ਉਹ ਮੁੱਖ ਵਿਰੋਧੀ ਪਾਰਟੀ ਹੈ, ਫਿਰ ਵੀ ਭਾਜਪਾ ਨੂੰ ਉਸ ਦੇ ਵਿਚਾਰ ਨਹੀਂ ਚਾਹੀਦੇ। ਸਿੰਘ ਨੇ ਟਵੀਟ ਕੀਤਾ, ''ਕੇਂਦਰ 'ਚ ਹੰਕਾਰ ਨਾਲ ਪੀੜਤ ਅਜੀਬ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਹੈ।

ਪੰਜਾਬ 'ਚ ਉਹ ਮੁੱਖ ਵਿਰੋਧੀ ਪਾਰਟੀ ਹੈ। ਦੇਸ਼ ਭਰ 'ਚ ਉਸ ਦੇ ਚਾਰ ਸਾਂਸਦ ਹਨ ਪਰ ਫਿਰ ਵੀ ਭਾਜਪਾ ਨੂੰ ਇਨੇ ਅਹਿਮ ਮੁੱਦੇ 'ਤੇ ਉਸਦੀ ਸਲਾਹ ਨਹੀਂ ਚਾਹੀਦੀ।  ਆਪ ਆਗੂ ਅਤੇ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਆਪ ਨੂੰ ਨਹੀਂ ਸੱਦਿਆ ਗਿਆ। ਉਨ੍ਹਾਂ ਕਿਹਾ, ''ਸਾਰੀਆਂ ਪਾਰਟੀਆਂ ਨੂੰ ਨਾਲ ਲੈਣ ਦੇ ਬਾਵਜੂਦ, ਭਾਜਪਾ ਗਣਿਤ ਦੇ ਫ਼ਾਰਮੂਲੇ ਦਾ ਪ੍ਰਯੋਗ ਕਰ ਕੇ ਇਹ ਤੈਅ ਕਰ ਰਹੀ ਹੈ ਕਿ ਕਿਸ ਨੂੰ ਸੱਦਣਾ ਹੈ ਅਤੇ ਕਿਸ ਨੂੰ ਨਹੀਂ। ਇਹ ਮੰਦਭਾਗਾ ਹੈ।''

ਆਰਜੇਡੀ ਨਾਰਾਜ਼ : ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਲੱਦਾਖ ਵਿਚ ਚੀਨ ਨਾਲ ਹੋਏ ਮੁਕਾਬਲੇ 'ਤੇ ਚਰਚਾ ਲਈ ਸ਼ੁਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਸੱਦਾ ਨਾ ਦਿਤੇ ਜਾਣ 'ਤੇ  ਇਤਰਾਜ਼ ਜਾਹਿਰ ਕੀਤਾ ਅਤੇ ਕਿਹਾ ਕਿ ਬਿਹਾਰ ਦੀ ਸੱਭ ਤੋਂ ਵੱਡੀ ਪਾਰਟੀ ਦੀ ਅਣਦੇਖੀ ਕੀਤੀ ਗਈ। ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਆਗੂ ਤੇਜਸਵੀ ਯਾਦਵ ਨੇ ਨਿਰਾਸ਼ਾ ਜ਼ਾਹਰ ਕੀਤੀ ਕਿ ਸੰਸਦ ਵਿਚ ਪੰਜ ਮੈਂਬਰ ਹੋਣ ਅਤੇ ਬਿਹਾਰ ਵਿਚ ਸੱਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦੀ ਅਣਦੇਗੀ ਕੀਤੀ ਗਈ।     (ਪੀਟੀਆਈ)

ਸਰਕਾਰ ਭਰੋਸਾ ਦੇਵੇ : ਸੋਨੀਆ ਗਾਂਧੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੱਦਾਖ 'ਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਪੈਦਾ ਹੋਏ ਹਾਲਾਤ 'ਚ ਦੇਸ਼ ਦੇ ਰਖਿਆ ਬਲਾਂ ਪ੍ਰਤੀ ਇਕਜੁਟਤਾ ਦਿਖਾਉਂਦੇ ਹੋਏ ਸ਼ੁਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਸਰਕਾਰ ਇਹ ਭਰੋਸਾ ਦੇਵੇ ਕਿ ਐਲਏਸੀ 'ਤੇ ਸਥਿਤੀ ਬਹਾਲ ਹੋਵੇਗੀ ਅਤੇ ਚੀਨੀ ਫ਼ੌਜੀ ਅਪਣੀ ਪੁਰਾਣੀ ਜਗ੍ਹਾ 'ਤੇ ਪਰਤਣਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ 'ਚ ਇਹ ਵੀ ਕਿਹਾ ਕਿ ਸਰਕਾਰ ਇਸ ਪੂਰੇ ਮਾਮਲੇ ਵਿਚ ਵਿਰੋਧੀ ਧਿਰਾਂ ਅਤੇ ਜਨਤਾ ਨੂੰ ਵਿਸ਼ਵਾਸ਼ ਵਿਚ ਲਏ ਅਤੇ ਸਥਿਤੀ ਬਾਰੇ ਨਿਯਮਿਤ ਤੌਰ 'ਤੇ ਜਾਣੂ ਕਰਾਉਂਦੀ ਰਹੇ। ਸੋਨੀਆ ਗਾਂਧੀ ਨੇ ਇਹ ਸਵਾਲ ਵੀ ਕੀਤਾ ਕਿ ਚੀਨੀ ਫ਼ੌਜੀਆਂ ਦੀ ਘੁਸਪੈਠ ਕਦੋਂ ਹੋਈ ਸੀ ਅਤੇ ਇਸ ਵਿਚ ਕੀ ਕੋਈ ਖੁਫ਼ੀਆ ਨਾਕਾਮੀ ਹੈ ?

ਉਨ੍ਹਾਂ ਦੇ ਮੁਤਾਬਕ ਇਹ ਮੀਟਿੰਗ ਉਸੇ ਸਮੇਂ ਹੋਣੀ ਚਾਹੀਦੀ ਸੀ ਜਦੋਂ ਸਰਕਾਰ ਕੋਲ ਇਹ ਜਾਣਕਾਰੀ ਆਈ ਸੀ ਕਿ ਚੀਨੀ ਫ਼ੌਜੀਆਂ ਨੇ ਪੰਜ ਮਈ ਨੂੰ ਘੁਸਪੈਠ ਕੀਤੀ। ਸੋਨੀਆ ਗਾਂਧੀ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਕਿਸ ਤਾਰੀਖ਼ ਨੂੰ ਚੀਨੀ ਫ਼ੌਜੀਆਂ ਨੇ ਘੁਸਪੈਠ ਕੀਤੀ? ਸਰਕਾਰ ਨੂੰ ਇਸ ਬਾਰੇ 'ਚ ਕਦੋਂ ਜਾਣਕਾਰੀ ਮਿਲੀ? ਕੀ ਇਹ ਪੰਜ ਮਈ ਨੂੰ ਹੋਇਆ ਸੀ ਜਿਵੇਂ ਕਿ ਕੁੱਝ ਖ਼ਬਰਾਂ 'ਚ ਕਿਹਾ ਗਿਆ ਹੈ ਜਾਂ ਫਿਰ ਇਸ ਤੋਂ ਪਹਿਲਾਂ?'' ਉਨ੍ਹਾਂ ਨੇ ਇਹ ਸਵਾਲ ਵੀ ਕੀਤਾ, ''ਕੀ ਸਰਕਾਰ ਨੂੰ ਸਾਡੀ ਸਰਹੱਦਾਂ ਦੀ ਸੈਟੇਲਾਈਟ ਤੋਂ ਲਈ ਗਈਆਂ ਤਸਵੀਰਾਂ ਨਹੀਂ ਮਿਲਿਆਂ ? ਕੀ ਸਾਡੀ ਖੁਫੀਆਂ ਏਜੰਸੀਆਂ ਨੇ ਐਲਏਸੀ 'ਤੇ ਕੋਈ ਗਤੀਵਿਧੀ ਅਤੇ ਵੱਡੇ ਪੈਮਾਨੇ ਦੇ ਫ਼ੌਜੀਆਂ ਦੇ ਇੱਕਠ ਬਾਰੇ ਰੀਪੋਰਟ ਨਹੀਂ ਦਿਤੀ?