'ਅਗਨੀਪਥ' ਯੋਜਨਾ 'ਤੇ ਮਮਤਾ ਬੈਨਰਜੀ ਦਾ ਬਿਆਨ- ਫ਼ੌਜੀ ਭਰਤੀ ਦੇ ਨਾਮ 'ਤੇ ਆਪਣਾ ਅਧਾਰ ਮਜ਼ਬੂਤ ਕਰਨ ਦੀ ਤਿਆਰੀ 'ਚ ਹੈ BJP
'ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕਰਨ ਵਾਲੀ ਸਰਕਾਰ 'ਅਗਨੀਪਥ' ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਮੂਰਖ ਬਣਾ ਰਹੀ ਹੈ'
ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਭਰਤੀ ਯੋਜਨਾ 'ਅਗਨੀਪਥ' ਦਾ ਪੂਰੇ ਦੇਸ਼ ਵਿਚ ਵਿਰੋਧ ਹੋ ਰਿਹਾ ਹੈ ਜਿਸ 'ਤੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਤੀਕਿਰਿਆ ਦਿਤੀ ਹੈ।
ਫ਼ੌਜ 'ਚ ਭਰਤੀ ਦੀ ਨਵੀਂ 'ਅਗਨੀਪਥ' ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (BJP) ਨਵੀਂ ਰੱਖਿਆ ਭਰਤੀ ਰਾਹੀਂ ਇੱਕ ਅਧਾਰ ਬਣਾਉਣ ਲਈ ਆਪਣੇ 'ਹਥਿਆਰਬੰਦ' ਕੇਡਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਯੋਜਨਾ ਨੂੰ ਹਥਿਆਰਬੰਦ ਬਲਾਂ ਦਾ ਅਪਮਾਨ ਕਰਾਰ ਦਿੰਦੇ ਹੋਏ, ਬੈਨਰਜੀ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਯੋਜਨਾ ਚਾਰ ਸਾਲ ਦੀ ਸੇਵਾ ਕਰਨ ਤੋਂ ਬਾਅਦ ਇਨ੍ਹਾਂ "ਅਗਨੀਵੀਰ" ਸਿਪਾਹੀਆਂ ਨੂੰ ਆਪਣੇ ਪਾਰਟੀ ਦਫ਼ਤਰਾਂ ਵਿੱਚ 'ਚੌਕੀਦਾਰ' ਵਜੋਂ ਤਾਇਨਾਤ ਕਰਨ ਦੀ ਸੀ।
ਤ੍ਰਿਣਮੂਲ ਕਾਂਗਰਸ ਦੇ ਮੁਖੀ ਨੇ ਵਿਧਾਨ ਸਭਾ ਵਿੱਚ ਕਿਹਾ, “ਭਾਜਪਾ ਇਸ ਯੋਜਨਾ ਤਹਿਤ ਆਪਣਾ ਹਥਿਆਰਬੰਦ ਕੇਡਰ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਾਰ ਸਾਲ ਬਾਅਦ ਉਹ ਕੀ ਕਰਨਗੇ? ਪਾਰਟੀ ਨੌਜਵਾਨਾਂ ਦੇ ਹੱਥਾਂ 'ਚ ਹਥਿਆਰ ਦੇਣਾ ਚਾਹੁੰਦੀ ਹੈ।'' ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਅਗਨੀਪਥ' ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ, ''ਉਨ੍ਹਾਂ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਨ੍ਹਾਂ ਸਕੀਮਾਂ ਰਾਹੀਂ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।'' ਇਸ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਬੈਨਰਜੀ ਦੀ ਟਿੱਪਣੀ ਦਾ ਵਿਰੋਧ ਕਰਦਿਆਂ ਵਿਧਾਨ ਸਭਾ 'ਚੋਂ ਵਾਕਆਊਟ ਕਰ ਦਿੱਤਾ।