ਵੱਡਾ ਹਾਦਸਾ ਟਲਿਆ, ਕੈਪਟਨ ਮੋਨਿਕਾ ਨੇ ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਬਚਾਈ 191 ਯਾਤਰੀਆਂ ਦੀ ਜਾਨ
ਮੋਨਿਕਾ ਇਕ ਤਜਰਬੇਕਾਰ ਅਧਿਕਾਰੀ ਹੈ ਤੇ ਉਸ 'ਤੇ ਸਭ ਮਾਣ ਮਹਿਸੂਸ ਕਰ ਰਹੇ ਹਨ।
ਲਖਨਊ - ਬਿਹਾਰ ਦੇ ਪਟਨਾ ਹਵਾਈ ਅੱਡੇ 'ਤੇ ਐਤਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਸਪਾਈਸਜੈੱਟ ਦੇ ਇੱਕ ਜਹਾਜ਼ ਨੂੰ ਹਵਾ ਵਿਚ ਪੰਛੀ ਦੇ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਇਸ ਦਾ ਇੱਕ ਇੰਜਣ ਬੰਦ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਕਈ ਹੋਰ ਅਮਲੇ ਸਮੇਤ 191 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਸ ਘਟਨਾ ਤੋਂ ਬਾਅਦ ਪਾਇਲਟ ਮੋਨਿਕਾ ਦੀ ਦੇਸ਼ ਭਰ 'ਚ ਕਾਫੀ ਤਾਰੀਫ਼ ਹੋ ਰਹੀ ਹੈ। ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ 'ਚ ਇਕ ਇੰਜਣ 'ਚੋਂ ਚੰਗਿਆੜੀਆਂ ਨਿਕਲਦੀਆਂ ਦਿਖਾਈ ਦੇ ਰਹੀਆਂ ਸਨ। ਜਦੋਂ ਤੋਂ ਏਅਰਪੋਰਟ ਅਥਾਰਟੀ ਨੂੰ ਐਮਰਜੈਂਸੀ ਲੈਂਡਿੰਗ ਬਾਰੇ ਸੂਚਿਤ ਕੀਤਾ ਗਿਆ ਸੀ, ਉੱਥੇ ਫਾਇਰ ਟੈਂਡਰ ਅਤੇ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ।
ਸਪਾਈਸ ਜੈੱਟ ਨੇ ਵੀ ਕੈਪਟਨ ਮੋਨਿਕਾ ਖੰਨਾ ਦੀ ਤਾਰੀਫ਼ ਕੀਤੀ ਹੈ। ਸਪਾਈਸ ਜੈੱਟ ਦੇ ਫਲਾਈਟ ਆਪਰੇਸ਼ਨਜ਼ ਦੇ ਮੁਖੀ ਗੁਰਚਰਨ ਅਰੋੜਾ ਨੇ ਦੱਸਿਆ ਕਿ ਮੋਨਿਕਾ ਨੇ ਜਹਾਜ਼ ਦੇ ਕੋ-ਪਾਇਲਟ ਬਲਪ੍ਰੀਤ ਸਿੰਘ ਭਾਟੀਆ ਨਾਲ ਮਿਲ ਕੇ ਭਰੋਸੇ ਨਾਲ ਜਹਾਜ਼ ਨੂੰ ਰਨਵੇਅ 'ਤੇ ਉਤਾਰਿਆ। ਉਹ ਪੂਰੀ ਤਰ੍ਹਾਂ ਸ਼ਾਂਤ ਰਹੇ ਅਤੇ ਜਹਾਜ਼ ਨੂੰ ਚੰਗੀ ਤਰ੍ਹਾਂ ਸੰਭਾਲਿਆ। ਮੋਨਿਕਾ ਇਕ ਤਜਰਬੇਕਾਰ ਅਧਿਕਾਰੀ ਹੈ ਤੇ ਉਸ 'ਤੇ ਸਭ ਮਾਣ ਮਹਿਸੂਸ ਕਰ ਰਹੇ ਹਨ।