ਆਸਾਰਾਮ ਦੇ ਚੇਲਿਆਂ ਵਲੋਂ ਜਬਰ ਜਨਾਹ ਪੀੜਤਾ ਨੂੰ ਡਰਾਉਣਾ-ਧਮਕਾਉਣਾ ਜਾਰੀ
ਖ਼ਤਰੇ ਮਗਰੋਂ ਦੇ ਪੁਲਿਸ ਨੇ ਪੀੜਤਾ ਦੇ ਘਰ ਦੀ ਸੁਰਖਿਆ ਵਧਾਈ
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼): ਜਬਰ ਜਨਾਹ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੇ ਚੇਲਿਆਂ ਤੋਂ ‘ਖ਼ਤਰੇ’ ਦਾ ਸ਼ੱਕ ਪ੍ਰਗਟਾਏ ਜਾਣ ਤੋਂ ਬਾਅਦ ਪੁਲਿਸ ਨੇ ਜਬਰ ਜਨਾਹ ਪੀੜਤਾ ਦੇ ਘਰ ਦੀ ਸੁਰਖਿਆ ਵਧਾ ਦਿਤੀ ਹੈ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦਸਿਆ ਸੀ ਕਿ ਉਨ੍ਹਾਂ ਨੂੰ ਆਸਾਰਾਮ ਦੇ ਚੇਲਿਆਂ ਤੋਂ ਖ਼ਤਰਾ ਮਹਿਸੂਸ ਹੋ ਰਿਹਾ ਹੈ ਜੋ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਪੁਲਿਸ ਸੂਪਰਡੈਂਟ ਐਸ. ਆਨੰਦ ਨੇ ਮੰਗਲਵਾਰ ਨੂੰ ਦਸਿਆ ਕਿ ਜਬਰ ਜਨਾਹ ਪੀੜਤਾ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਦਸਿਆ ਕਿ ਆਸਾਰਾਮ ਦੇ ਕੁਝ ਚੇਲਿਆਂ ਨੇ ਐਤਵਾਰ ਨੂੰ ਕੁਝ ਪੈਂਪਲੇਟ ਵੰਡੇ ਹਨ। ਪੀੜਤਾ ਦੇ ਪਿਤਾ ਨੇ ਇਸ ਨੂੰ ਪੂਰੇ ਪ੍ਰਵਾਰ ਨੂੰ ਦਿਤੀ ਧਮਕੀ ਮੰਨਿਆ।
ਜ਼ਿਕਰਯੋਗ ਹੈ ਕਿ ਪੀੜਤਾ ਨੇ ਸਾਲ 2013 ’ਚ ਆਸਾਰਾਮ ’ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ ਅਤ ਸਾਲ 2018 ’ਚ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਮੇਂ ਆਸਾਰਾਮ ਰਾਜਸਥਾਨ ਦੀ ਜੇਲ ’ਚ ਬੰਦ ਹਨ।
ਪੁਲਿਸ ਸੂਪਰਡੈਂਟ ਨੇ ਕਿਹਾ ਕਿ ਚਾਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਪੀੜਤਾ ਦੇ ਘਰ ਦੀ ਸੁਰਖਿਆ ’ਚ ਤੈਨਾਤ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦੇ ਪਿਤਾ ਨੂੰ ਵੱਖ ਤੋਂ ਉਦੋਂ ਸੁਰਖਿਆ ਦਿਤੀ ਜਾਂਦੀ ਹੈ ਜਦੋਂ ਉਹ ਅਦਾਲਤ ’ਚ ਸੁਣਵਾਈ ਲਈ ਜਾਂਦੇ ਹਨ।
ਪੀੜਤਾ ਦੇ ਪਿਤਾ ਨੇ ਕਿਹਾ ਸੀ ਕਿ ਸਨਿਚਰਵਾਰ ਅਤੇ ਐਤਵਾਰ ਨੂੰ ਆਸਾਰਾਮ ਦੇ ਹਮਾਇਤੀਆਂ ਨੇ ਸ਼ਹਿਰ ’ਚ ‘ਰਿਸ਼ੀ ਪ੍ਰਸਾਦ’ ਨਾਮਕ ਕਿਤਾਬ ਅਤੇ ਪੈਂਪਲੇਟ ਵੰਡੇ ਸਨ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਆਸਾਰਾਮ ਨਿਰਦੋਸ਼ ਹੈ ਅਤੇ ਉਸ ਨੂੰ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਹੈ।