ਵਿਕਰਮਜੀਤ ਸਿੰਘ ਸਾਹਨੀ ਨੇ ਗੁਰਦੁਆਰਾ ਬਣਾਉਣ ਲਈ ਇਰਾਕ ਸਰਕਾਰ ਤੋਂ ਮੰਗੀ ਇਜਾਜ਼ਤ
ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਗੁਰਦੁਆਰਾ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤੀ ਹੇਠ ਉਸਾਰਿਆ ਜਾਵੇਗਾ
ਨਵੀਂ ਦਿੱਲੀ : ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਇਰਾਕ ਦੇ ਉੱਪ ਪ੍ਰਧਾਨ ਮੰਤਰੀ ਜਨਾਬ ਹੇਯਾਨ ਅਬਦੁਲਗ਼ਨੀ ਅਬਦੁਲਜ਼ਾਹਰਾ ਅਲ-ਸਵਾਦ ਨਾਲ ਮੀਟਿੰਗ ਦੌਰਾਨ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਇਰਾਕ ਸਰਕਾਰ ਤੋਂ ਉਸ ਜਗ੍ਹਾ 'ਤੇ ਗੁਰਦੁਆਰਾ ਬਣਾਉਣ ਸੰਬੰਧੀ ਇਜਾਜ਼ਤ ਦੀ ਮੰਗ ਕੀਤੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸੂਫੀ ਸੰਤ ਸ਼ੇਖ ਬਹਿਲੂਲ ਦਾਨਾ ਦੇ ਸੱਦੇ 'ਤੇ 3 ਮਹੀਨੇ ਲਈ ਉਥੇ ਜਾ ਕੇ ਰੁਕੇ ਸਨ।
ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਗੁਰਦੁਆਰਾ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤੀ ਹੇਠ ਉਸਾਰਿਆ ਜਾਵੇਗਾ ਅਤੇ ਉਹ ਖੁਦ ਵੀ ਇਸ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
ਸਾਹਨੀ ਨੇ ਕਿਹਾ, ਇਸ ਨਾਲ ਸਿੱਖ ਅਤੇ ਸਿੰਧੀ ਸ਼ਰਧਾਲੂਆਂ ਨੂੰ, ਜਿਹੜੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹਨ, ਬਗਦਾਦ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਉਤਸ਼ਾਹ ਮਿਲੇਗਾ ਅਤੇ ਇਰਾਕ ਵਿਚਲੇ ਸੈਰ ਸਪਾਟਾ ਉਦਯੋਗ ਨੂੰ ਵੀ ਫਰੋਗ ਮਿਲੇਗਾ।
ਸਾਹਨੀ ਨੇ ਇਰਾਕ ਵਿੱਚ ਭਾਰਤੀ ਰਾਜਦੂਤ ਅਤੇ ਵਿਦੇਸ਼ ਮੰਤਰਾਲੇ ਵਿਚ ਖਾੜੀ ਦੇ ਸਕੱਤਰ ਨੂੰ ਵੀ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਕਾਰਜ ਨੂੰ ਜਲਦੀ ਪ੍ਰਵਾਨਗੀ ਦਿੱਤੀ ਜਾਵੇ, ਤਾਂ ਜੋ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।
ਵਿਕਰਮਜੀਤ ਸਿੰਘ ਸਾਹਨੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਹੋਰ ਪਹਿਲਕਦਮੀਆਂ ਤੋਂ ਇਲਾਵਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਮਲਟੀਮੀਡੀਆ ਹੈਰੀਟੇਜ ਮਿਊਜ਼ੀਅਮ ਦੀ ਸਥਾਪਨਾ ਕੀਤੀ ਹੈ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਬਣਾਇਆ ਹੈ ਜਿੱਥੇ ਸਿੱਖ ਇਤਿਹਾਸ ਸੰਬੰਧੀ ਰੋਜ਼ਾਨਾ ਸ਼ੋਅ ਹੁੰਦੇ ਹਨ।