ਚੁਰੂ, 19 ਜੁਲਾਈ : ਬੇਜ਼ੁਬਾਨਾਂ ਪ੍ਰਤੀ ਅਤਿਆਚਾਰ ਦੇ ਮਾਮਲੇ ਦੇਸ਼ ’ਚ ਥੰਮ੍ਹਣ ਦਾ ਨਾਮ ਨਹੀਂ ਲੈ ਰਹੇ ਹਨ। ਮਨੁੱਖੀ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਕੇਰਲ ’ਚ ਇਕ ਗਰਭਵਤੀ ਹਥਣੀ ਨੂੰ ਵਿਸਫ਼ੋਟਕ ਭਰਿਆ ਅਨਾਨਾਸ ਖੁਆ ਕੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ। ਹੁਣ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਸਰਦਾਰਸ਼ਹਿਰ ਤਹਿਸੀਲ ਦੇ ਪਿੰਡ ਸਾਜਨਸਰ ’ਚ ਬੇਜ਼ੁਬਾਨ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਥੇ ਊਠਣੀ ਦੇ ਬੱਚੇ ਨਾਲ 3 ਦਰਿੰਦਿਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਊਂਠਣੀ ਦੇ ਬੱਚੇ ਦੇ ਖੇਤ ਵਿਚ ਦਾਖ਼ਲ ਹੋਣ ਕਾਰਨ ਦਰਿੰਦਿਆਂ ਨੇ ਕੁਹਾੜੀ ਨਾਲ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ।
ਜਾਣਕਾਰੀ ਮੁਤਾਬਕ ਊਠਣੀ ਦੇ ਬੱਚੇ ’ਤੇ ਦੋਸ਼ੀਆਂ ਨੇ ਤਾਬੜਤੋੜ ਕੁਹਾੜੀਆਂ ਨਾਲ ਵਾਰ ਕੀਤੇ ਸਨ। ਨਾਲ ਹੀ ਉਸ ਦੇ ਪੈਰਾਂ ਨੂੰ ਤੋੜ ਕੇ ਵੱਖ ਕਰ ਦਿਤਾ। ਦਰਦ ਨਾਲ ਤੜਫ਼ਦੇ ਊਠਣੀ ਦੇ ਬੱਚੇ ਨੂੰ ਬਚਾਉਣ ਗਏ ਦੋ ਲੋਕਾਂ ਨੂੰ ਵੀ ਦੋਸ਼ੀਆਂ ਨੇ ਕੁਹਾੜੀ ਨਾਲ ਵੱਢਣ ਦੀ ਧਮਕੀ ਦਿਤੀ। ਹੁਣ ਤਿੰਨਾਂ ਦੋਸ਼ੀਆਂ ਵਿਰੁਧ ਸਰਦਾਰਸ਼ਹਿਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਜ਼ਖ਼ਮੀ ਊਠਣੀ ਦੇ ਬੱਚੇ ਨੂੰ ਪਿੰਡ ਕਲਿਆਣਪੁਰਾ ਬਿਦਾਵਤਾਨ ਦੀ ਗਊਸ਼ਾਲਾ ਵਿਚ ਇਲਾਜ ਲਈ ਪਹੁੰਚਾਇਆ ਗਿਆ ਸੀ,
ਜਿਥੇ ਦੇਰ ਰਾਤ ਨੂੰ ਹੀ ਉਸ ਨੇ ਦਮ ਤੋੜ ਦਿਤਾ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੇਹਰਾਸਰ ਚਾਚੇਰਾ ਪਿੰਡ ਦੇ 60 ਸਾਲਾ ਓਮਸਿੰਘ ਰਾਜਪੂਤ ਨੇ ਸਰਦਾਰਸ਼ਹਿਰ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਰਾਜਪੂਤ ਮੁਤਾਬਕ 18 ਜੁਲਾਈ ਦੀ ਸਵੇਰੇ 10 ਵਜੇ ਉਹ ਅਪਣੇ ਪਸ਼ੂ, ਪਿੰਡ ਸਾਜਨਸਰ ਦੀ ਜ਼ਮੀਨ ’ਚ ਚਰਾ ਰਿਹਾ ਸੀ। ਇਸ ਦੌਰਾਨ ਮੇਰੇ ਨਾਲ ਇਕ ਹੋਰ ਵਿਅਕਤੀ ਵੀ ਖੇਤਾਂ ਵਿਚ ਸੀ ਤਾਂ ਉਸ ਸਮੇਂ ਊਠਣੀ ਦਾ ਬੱਚਾ ਦੌੜਦਾ ਹੋਇਆ ਆਇਆ। ਜਿਸ ਦੇ ਪਿਛੇ ਦੋ ਮੋਟਰਸਾਈਕਲ ’ਤੇ ਸਵਾਰ ਪਿੱਛਾ ਕਰਦੇ ਹੋਏ ਆਏ।
ਰਾਜਪੂਤ ਨੇ ਦਸਿਆ ਕਿ ਅੱਗੇ ਰਾਹ ਬੰਦ ਹੋਣ ਕਾਰਨ ਬੱਚਾ ਰੁਕਿਆ ਤਾਂ ਉਸ ਨੂੰ ਤਿੰਨਾਂ ਨੇ ਘੇਰ ਕੇ ਜ਼ਮੀਨ ’ਤੇ ਸੁੱਟ ਲਿਆ ਅਤੇ ਕੁਹਾੜੀ ਨਾਲ ਤਿੰਨਾਂ ਨੇ ਬੱਚੇ ਦੇ ਅਗਲੇ ਦੋਵੇਂ ਪੈਰ ਵੱਢ ਦਿਤੇ। ਇਸ ਦੌਰਾਨ ਬੱਚਾ ਤੜਫ਼ਦਾ ਰਿਹਾ, ਉਸ ਦੀ ਆਵਾਜ਼ ਸੁਣ ਕੇ ਅਸੀਂ ਉੱਥੇ ਪੁੱਜੇ। ਦੋਸ਼ੀਆਂ ਨੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਦੋਸ਼ੀਆਂ ਦਾ ਕਹਿਣਾ ਸੀ ਕਿ ਇਸ ਊਠਣੀ ਦੇ ਬੱਚੇ ਨੇ ਸਾਡੇ ਖੇਤ ’ਚ ਨੁਕਸਾਨ ਕੀਤਾ ਹੈ ਪਰ ਜਦੋਂ ਅਸੀਂ ਦੋਹਾਂ ਨੇ ਉਨ੍ਹਾਂ ਨੂੰ ਫੜਨ ਲਈ ਰੌਲਾ ਪਾਇਆ ਤਾਂ ਤਿੰਨੇ ਦੌੜ ਗਏ। ਇਲਾਜ ਲਈ ਲਿਆਂਦੇ ਗਏ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। (ਏਜੰਸੀ)