ਭਾਜਪਾ ਝੂਠ ਨੂੰ ਸੰਸਥਾਗਤ ਤੌਰ ’ਤੇ ਫੈਲਾ ਰਹੀ ਹੈ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਾਂਧੀਆਂ ਨੇ ਦਹਾਕਿਆਂ ਤਕ ਝੂਠ ਫੈਲਾਇਆ : ਕੇਂਦਰੀ ਮੰਤਰੀ ਸ਼ੇਖ਼ਾਵਤ

Rahul Gandhi

ਨਵੀਂ ਦਿੱਲੀ, 19 ਜੁਲਾਈ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਹਮਲਾ ਕਰਦਿਆਂ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ, ਜੀਡੀਪੀ ਦੇ ਅੰਕੜਿਆਂ ਅਤੇ ਸਰਹੱਦ ’ਤੇ ਚੀਨੀ ਹਮਲੇ ਬਾਰੇ ਸੰਸਥਾਗਤ ਤੌਰ ’ਤੇ ਝੂਠ ਬੋਲਣ ਦਾ ਦੋਸ਼ ਲਾਇਆ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿਚ ਵਾਧਾ ਹੋਣ ’ਤੇ ਰਾਹੁਲ ਨੇ ਕਿਹਾ ਕਿ ਇਹ ਭਰਮ ਟੁੱਟਣ ਨਾਲ ਭਾਰਤ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ।

ਉਧਰ, ਰਾਹੁਲ ਗਾਂਧੀ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਦੋਸ਼ ਲਾਇਆ ਕਿ ਗਾਂਧੀਆਂ ਨੇ ਦਹਾਕਿਆਂ ਤਕ ਜਿਹੜਾ ਭਰਮ ਫੈਲਾਇਆ, ਭਾਰਤ ਨੂੰ ਉਸ ਦੀ ਵੱਡੀ ਕੀਮਤ ਤਾਰਨੀ ਪਈ। ਉਨ੍ਹਾਂ ਕਾਂਗਰਸ ਆਗੂ ’ਤੇ ਦੇਸ਼ ਲਈ ਬੀਮਾਰ ਰਹਿਣ ਦੀ ਕਾਮਨਾ ਕਰਨ ਦਾ ਵੀ ਦੋਸ਼ ਲਾਇਆ।  ਗਾਂਧੀ ਨੇ ਕਿਹਾ, ‘ਭਾਜਪਾ ਝੂਠ ਨੂੰ ਸੰਸਥਾਗਤ ਤੌਰ ’ਤੇ ਫੈਲਾ ਰਹੀ ਹੈ। ਪਹਿਲਾ, ਕੋਵਿਡ ਟੈਸਟ ’ਤੇ ਅੜਿੱਕੇ ਡਾਹੇ ਅਤੇ ਮ੍ਰਿਤਕਾਂ ਦੀ ਗਿਣਤੀ ਗ਼ਲਤ ਦੱਸੀ। ਦੂਜਾ, ਜੀਡੀਪੀ ਲਈ ਨਵਾਂ ਗਿਣਤੀ ਤਰੀਕਾ ਲਾਗੂ ਕੀਤਾ।

ਤੀਜਾ, ਚੀਨੀ ਹਮਲੇ ’ਤੇ ਪਰਦਾ ਪਾਉਣ ਲਈ ਮੀਡੀਆ ਨੂੰ ਡਰਾਇਆ। ਇਹ ਭਰਮ ਛੇਤੀ ਹੀ ਟੁੱਟ ਜਾਵੇਗਾ ਅਤੇ ਦੇਸ਼ ਨੂੰ ਇਸ ਦੀ ਭਾਰੀ ਕੀਮਤ ਤਾਰਨੀ ਪਵੇਗੀ।’ ਉਨ੍ਹਾਂ ਟਵਿਟਰ ’ਤੇ ਕੋਰੋਨਾ ਵਾਇਰਸ ਦੀ ਹਾਲਤ ਬਾਰੇ ਖ਼ਬਰ ਸਾਂਝੀ ਕੀਤੀ। ਕੇਂਦਰੀ ਮੰਤਰੀ ਸ਼ੇਖ਼ਾਵਤ ਨੇ ਕਿਹਾ, ‘ਗਾਂਧੀਆਂ ਨੇ ਖ਼ੁਦ ਭਰਮ ਫੈਲਾਇਆ, ਭਾਰਤ ਨੂੰ ਇਸ ਦੀ ਕੀਮਤ ਤਾਰਨੀ ਪਈ। ਦੇਸ਼ ਲਈ ਬੀਮਾਰੀ ਦੀ ਅਰਦਾਸ ਕਰਨਾ ਮੰਦਭਾਗਾ ਹੈ।’ (ਏਜੰਸੀ)