ਕੋਰੋਨਾ ਸੰਕਟ : 55 ਫ਼ੀ ਸਦੀ ਪਰਵਾਰਾਂ ਨੂੰ ਦਿਨ ਵਿਚ ਸਿਰਫ਼ ਦੋ ਵਕਤ ਦਾ ਖਾਣਾ ਨਸੀਬ ਹੋਇਆ
ਕੋਵਿਡ-19 ਦੌਰਾਨ ਪੈਦਾ ਚੁਨੌਤੀਆਂ ਬਾਬਤ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ
ਨਵੀਂ ਦਿੱਲੀ, : ਕੋਵਿਡ-19 ਦੌਰਾਨ ਪੈਦਾ ਚੁਨੌਤੀਆਂ ਬਾਬਤ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਅਪ੍ਰੈਲ ਤੋਂ ਲੈ ਕੇ 15 ਮਈ ਵਿਚਾਲੇ 24 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਗਭਗ 55 ਫ਼ੀ ਸਦੀ ਪਰਵਾਰਾਂ ਨੂੰ ਦਿਨ ਵਿਚ ਮਹਿਜ਼ ਦੋ ਵਕਤ ਦਾ ਖਾਣਾ ਹੀ ਨਸੀਬ ਹੋਇਆ। ਦੇਸ਼ ਵਿਚ 5568 ਪਰਵਾਰਾਂ 'ਤੇ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ।
ਬੱਚਿਆਂ ਦੇ ਅਧਿਕਾਰਾਂ ਲਈ ਕਾਰਜਸ਼ੀਲ ਗ਼ੈਰ ਸਰਕਾਰੀ ਸੰਸਥਾ 'ਵਰਲਡ ਵਿਜ਼ਨ ਏਸ਼ੀਆ ਪੈਸੇਫ਼ਿਕ' ਦੁਆਰਾ ਜਾਰੀ ਸਰਵੇਖਣ ਮੁਤਾਬਕ ਭਾਰਤੀ ਪਰਵਾਰਾਂ 'ਤੇ ਪਏ ਆਰਥਕ, ਮਨੋਵਿਗਿਆਨਕ ਅਤੇ ਸਰੀਰਕ ਦਬਾਅ ਨੇ ਬੱਚਿਆਂ ਦੀ ਭਲਾਈ ਦੇ ਸਾਰੇ ਪੱਖਾਂ 'ਤੇ ਅਸਰ ਪਾਇਆ ਜਿਨ੍ਹਾਂ ਵਿਚ ਖਾਧ, ਪੋਸ਼ਣ, ਸਿਹਤ ਸੰਭਾਲ, ਜ਼ਰੂਰੀ ਦਵਾਈਆਂ, ਸਫ਼ਾਈ ਆਦਿ ਤਕ ਪਹੁੰਚ ਅਤੇ ਬਾਲ ਅਧਿਕਾਰੀ ਤੇ ਸੁਰੱਖਿਆ ਜਿਹੇ ਪੱਖ ਸ਼ਾਮਲ ਹਨ।
ਕੋਵਿਡ ਕਾਰਨ 60 ਫ਼ੀ ਸਦੀ ਤੋਂ ਵੱਧ ਮਾਪਿਆਂ/ਦੇਖਭਾਲ ਕਰਨ ਵਾਲੇ ਪਰਵਾਰਕ ਜੀਆਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਜਾਂ ਗੰਭੀਰ ਰੂਪ ਵਿਚ ਪ੍ਰਭਾਵਤ ਹੋਈ। ਤਾਲਾਬੰਦੀ ਦੀ ਸੱਭ ਤੋਂ ਜ਼ਿਆਦਾ ਮਾਰ ਦਿਹਾੜੀ ਮਜ਼ਦੂਰਾਂ 'ਤੇ ਪਈ ਜਿਸ ਕਾਰਨ ਰੋਜ਼ੀ-ਰੋਟੀ ਪੇਂਡੂ ਅਤੇ ਸ਼ਹਿਰੀ ਗ਼ਰੀਬਾਂ ਲਈ ਸੱਭ ਤੋਂ ਵੱਡੀ ਚਿੰਤਾ ਬਣ ਗਈ। ਦਿਹਾੜੀ ਮਜ਼ਦੂਰ ਇਸ ਸਰਵੇ ਦਾ ਸੱਭ ਤੋਂ ਵੱਡਾ ਹਿੱਸਾ ਸੀ।
ਅਧਿਐਨ ਵਿਚ ਕਿਹਾ ਗਿਆ ਕਿ ਲਗਭਗ 67 ਫ਼ੀ ਸਦੀ ਸ਼ਹਿਰੀ ਮਾਪਿਆਂ/ਦੇਖਭਾਲ ਕਰਨ ਵਾਲੇ ਪਰਵਾਰਕ ਜੀਆਂ ਨੇ ਪਿਛਲੇ ਹਫ਼ਤਿਆਂ ਵਿਚ ਕੰਮ ਛੁੱਟ ਜਾਣ ਜਾਂ ਆਮਦਨ ਵਿਚ ਕਮੀ ਆਉਣ ਦੀ ਗੱਲ ਕਹੀ। ਰੀਪੋਰਟ ਮੁਤਾਬਕ ਸਰਵੇ ਵਿਚ ਸ਼ਾਮਲ ਪਰਵਾਰਾਂ ਵਿਚੋਂ 55.1 ਫ਼ੀ ਸਦੀ ਪਰਵਾਰ ਦਿਨ ਵਿਚ ਮਹਿਜ਼ ਦੋ ਵਕਤ ਦਾ ਖਾਣਾ ਹੀ ਪ੍ਰਾਪਤ ਕਰ ਸਕੇ। ਲੋੜੀਂਦਾ ਪਾਣੀ ਅਤੇ ਸਫ਼ਾਈ ਤਕ ਪਹੁੰਚ ਵੀ ਚੁਨੌਤੀ ਬਣੀ ਰਹੀ ਜਿਸ ਕਾਰਨ ਕੁਪੋਸ਼ਣ ਅਤੇ ਕੋਰੋਨਾ ਵਾਇਰਸ ਸਮੇਤ ਬੀਮਾਰੀਟਾਂ ਦੇ ਪਸਾਰ ਦਾ ਖ਼ਤਰਾ ਵਧ ਗਿਆ।