ਨਵੀਂ ਦਿੱਲੀ, 19 ਜੁਲਾਈ : ਕੌਮੀ ਰਾਜਧਾਨੀ ਵਿਚ ਐਤਵਾਰ ਸਵੇਰੇ ਭਾਰੀ ਮੀਂਹ ਪੈਣ ਮਗਰੋਂ ਮੱਧ ਦਿੱਲੀ ਵਿਚ ਮਿੰਟੋ ਬ੍ਰਿਜ ਹੇਠਾਂ ਪਾਣੀ ਭਰ ਗਿਆ ਜਿਸ ਵਿਚ ਛੋਟੇ ਟਰੱਕ ਦੇ ਡੁੱਬ ਜਾਣ ਨਾਲ 56 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮੀਂਹ ਕਾਰਨ ਕਈ ਝੁੱਗੀਆਂ ਢਹਿ ਗਈਆਂ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ। ਦਿੱਲੀ ਵਿਚ ਸਵੇਰੇ ਅੱਠ ਵਜੇ ਤਕ 74.8 ਮਿਲੀਮੀਟਰ ਮੀਂਹ ਦਰਜ ਹੋਇਆ।
ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਅਤੇ ਸੜਕਾਂ ਭਰ ਗਈਆਂ। ਮਿੰਟੋ ਰੋਡ ਅਤੇ ਰੇਲਵੇ ਪੁਲ ਹੇਠਾਂ, ਜੀਟੀਕੇ ਡਿਪੋ, ਆਜ਼ਾਦਪੁਰ ਅੰਡਰਪਾਸ, ਜਵਾਹਰਲਾਲ ਨਹਿਰੂ ਮਾਰ ’ਤੇ ਗੁਰੂ ਨਾਨਕ ਚੌਕ, ਸਾਊਥ ਐਵੇਨਿਊ ਰੋਡ ਅਤੇ ਐਮਬੀ ਰੋਡ ’ਤੇ ਪੁਲ ਪ੍ਰਹਿਲਾਦ ਪੁਰ ਅੰਡਰਪਾਸ ਸਣੇ ਕਈ ਥਾਵਾਂ ’ਤੇ ਪਾਣੀ ਭਰ ਗਿਆ। ਪੁਲਿਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਉਤਰਾਖੰਡ ਵਾਸੀ ਕੁੰਦਨ ਕੁਮਾਰ ਵਜੋਂ ਹੋਈ ਹੈ। ਉਹ ਰੇਲਵੇ ਸਟੇਸ਼ਨ ਤੋਂ ਕਨਾਟ ਪਲੇਸ ਵਲ ਜਾ ਰਿਹਾ ਸੀ ਅਤੇ ਉਸ ਦਾ ਛੋਟਾ ਟਰੱਕ ਪਾਣੀ ਵਿਚ ਫਸ ਗਿਆ। ਜਦ ਕੁਮਾਰ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਦ ਉਹ ਫਸ ਗਿਆ ਅਤੇ ਡੁੱਬ ਗਿਆ। ਭਾਰੀ ਮੀਂਹ ਨਾਲ ਦਿੱਲੀ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਆਵਾਜਾਈ ਰੁਕ ਗਈ।
ਮਿੰਟੋ ਰੋਡ ਅੰਡਰਪਾਸ ਵੀ ਪੂਰੀ ਤਰ੍ਹਾਂ ਭਰ ਗਿਆ ਜਿਸ ਵਿਚ ਦੋ ਆਟੋ ਰਿਕਸ਼ੇ ਫਸ ਗਏ। ਐਤਵਾਰ ਦੀ ਸਵੇਰ ਨੂੰ ਮੀਂਹ ਰਾਹਤ ਤੋਂ ਵੱਧ ਆਫ਼ਤ ਬਣ ਕੇ ਆਇਆ। ਭਾਰੀ ਮੀਂਹ ਕਾਰਨ ਆਈਟੀਓ ਲਾਗੇ ਅੰਨਾ ਨਗਰ ਦੇ ਸਲੱਮ ਏਰੀਆ ਵਿਚ ਨਾਲੇ ਦੇ ਤੇਜ਼ ਪਾਣੀ ਕਾਰਨ ਕਈ ਮਕਾਨ ਢਹਿ ਗਏ। ਘਟਨਾ ਸਮੇਂ ਲੋਕ ਘਰਾਂ ਵਿਚ ਮੌਜੂਦ ਨਹੀਂ ਸਨ। ਮੀਂਹ ਕਾਰਨ ਨਾਲਾ ਧਸ ਗਿਆ। ਆਈਟੀਓ ਲਾਗੇ ਹੀ ਡਬਲਿਊਐਚਓ ਦੀ ਬਿਲਡਿੰਗ ਹੈ ਤੇ ਲਾਗੇ ਹੀ ਝੁੱਗੀ ਬਸਤੀ ਹੈ। ਸੜਕਾਂ ’ਤੇ ਪਾਣੀ ਭਾਰ ਜਾਣ ਕਾਰਨ ਥਾਂ ਥਾਂ ਜਾਮ ਲੱਗ ਗਏ। (ਏਜੰਸੀ)