ਕੋਰੋਨਾ ਦੇ ਦੌਰ ਵਿਚ 'ਕੜਕਨਾਥ' ਮੁਰਗੇ ਦੀ ਭਾਰੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਆਦਿਵਾਸੀ ਇਲਾਕੇ 'ਚੋਂ ਦੇਸ਼ ਭਰ 'ਚ ਹੁੰਦੀ ਹੈ ਸਪਲਾਈ

Huge demand of 'Karkanath' Chicken in Corona Period

ਇੰਦੌਰ, 19 ਜੁਲਾਈ : ਕੋਰੋਨਾ ਵਾਇਰਸ ਦੇ ਭਿਆਨਕ ਦੌਰ ਵਿਚ ਇਥੋਂ ਦੇ ਰਵਾਇਤੀ 'ਕੜਕਨਾਥ' ਮੁਰਗੇ ਦੀ ਮੰਗ ਦੇਸ਼ ਭਰ ਵਿਚ ਵਧ ਰਹੀ ਹੈ। ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਤਾਤ ਵਾਲੇ ਝਾਬੁਆ ਜ਼ਿਲ੍ਹੇ ਦੀ ਰਵਾਇਤੀ ਮੁਰਗਾ ਨਸਲ ਕੜਕਨਾਥ ਦੀ ਮੰਗ ਇਸ ਦੇ ਤਾਕਤ-ਵਧਾਊ ਤੇ ਪੋਸ਼ਕ ਤੱਤਾਂ ਕਾਰਨ ਕਾਫ਼ੀ ਹੈ।
ਉਂਜ ਇਸ ਮਹਾਂਮਾਰੀ ਕਾਰਨ ਯਾਤਰੀ ਟਰੇਨਾਂ 'ਤੇ ਰੋਕ ਲੱਗਣ ਕਰਕੇ ਇਸ ਦੇ ਅੰਤਰਰਾਜੀ ਕਾਰੋਬਾਰ 'ਤੇ ਮਾੜਾ ਅਸਰ ਪਿਆ ਹੈ।

ਝਾਬੁਆ ਦਾ ਖੇਤੀ ਵਿਗਿਆਨ ਕੇਂਦਰ ਅਪਣੀ ਹੈਚਰੀ ਜ਼ਰੀਏ ਕੜਕਨਾਥ ਦੀ ਮੂਲ ਨਸਲ ਦੀ ਸੰਭਾਲ ਅਤੇ ਇਸ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਦਾ ਹੈ। ਕੇਵੀਕੇ ਦੇ ਮੁਖੀ ਡਾ .ਆਈਐਸ ਤੋਮਰ ਨੇ ਦਸਿਆ ਕਿ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਜ਼ਿਆਦਾਤਰ ਆਵਾਜਾਈ ਬੰਦ ਹੋਣ ਨਾਲ ਕੜਕਨਾਥ ਦੇ ਚੂਚਿਆਂ ਦੀ ਸਪਲਾਈ 'ਤੇ ਮਾੜਾ ਅਸਰ ਪਿਆ ਸੀ ਪਰ ਤਾਲਾਬੰਦੀ ਖ਼ਤਮ ਹੋਣ ਮਗਰੋਂ ਇਸ ਦੀ ਮੰਗ ਵੱਧ ਗਈ ਹੈ। ਉਨ੍ਹਾਂ ਦਸਿਆ ਕਿ ਦੇਸ਼ ਭਰ ਦੇ ਮੁਰਗਾ ਪਾਲਕ ਅਪਣੇ ਨਿਜੀ ਵਾਹਨਾਂ ਵਿਚ ਕੜਕਨਾਥ ਦੇ ਚੂਜ਼ੇ ਲੈਣ ਲਈ ਉਨ੍ਹਾਂ ਦੀ ਹੈਚਰੀ ਵਿਚ ਆ ਰਹੇ ਹਨ।

ਪਿਛਲੇ ਮਹੀਨੇ 5000 ਚੂਜ਼ੇ ਵੇਚੇ ਗਏ ਅਤੇ ਹੈਚਰੀ ਦੀ ਮਹੀਨਾਵਾਰ ਉਤਪਾਦਨ ਸਮਰੱਥਾ ਏਨੀ ਹੀ ਹੈ। ਤੋਮਰ ਨੇ ਦਸਿਆ, 'ਸਾਡੀ ਹੈਚਰੀ ਵਿਚ ਕੜਕਨਾਥ ਦੇ ਚੂਜ਼ਿਆਂ ਦਾ ਪੁਰਾਣਾ ਸਟਾਕ ਖ਼ਤਮ ਹੋ ਗਿਆ ਹੈ। ਇਨ੍ਹਾਂ ਚੂਜ਼ਿਆਂ ਦੀ ਮੰਗ ਏਨੀ ਜ਼ਿਆਦਾ ਹੈ ਕਿ ਜੇ ਤੁਸੀਂ ਅੱਜ ਆਰਡਰ ਦਿਉਗੇ ਤਾਂ ਅਸੀਂ ਦੋ ਮਹੀਨੇ ਮਗਰੋਂ ਸਪਲਾਈ ਕਰ ਸਕਾਂਗੇ।' ਕੜਕਨਾਥ ਦੇ ਉਤਪਾਦਨ ਨਾਲ ਜੁੜੀ ਸਹਿਕਾਰੀ ਸੰਸਥਾ ਦੇ ਮੁਖੀ ਵਿਨੋਦ ਮੈੜਾ ਨੇ ਦਸਿਆ ਕਿ ਕੋਰੋਨਾ ਦੌਰ ਵਿਚ ਇਸ ਰਵਾਇਤੀ ਨਸਲ ਦੇ ਮੁਰਗੇ ਦੀ ਮੰਗ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦਸਿਆ ਕਿ ਉਹ ਦੇਸ਼ ਭਰ ਵਿਚ ਕੜਕਨਾਥ ਦੇ ਜ਼ਿੰਦਾ ਚੂਜ਼ਿਆਂ ਅਤੇ ਮੁਰਗਿਆਂ ਦੀ ਸਪਲਾਈ ਕਰ ਰਹੇ ਹਨ। (ਏਜੰਸੀ)

ਕਾਲੇ ਰੰਗ ਦੇ ਮੁਰਗੇ ਵਿਚ ਕਈ ਗੁਣ
ਕੜਕਨਾਥ ਚਿਕਨ ਦੀ ਵਰਤੋਂ ਬਾਰੇ ਕੋਈ ਵਿਗਿਆਨਕ ਅਧਿਐਨ ਨਹੀਂ ਹੋਇਆ ਪਰ ਇਹ ਪਹਿਲਾਂ ਤੋਂ ਸਥਾਪਤ ਤੱਥ ਹੈ ਕਿ ਦੂਜੀਆਂ ਨਸਲਾਂ ਦੇ ਮਾਸ ਦੇ ਮੁਕਾਬਲੇ ਕੜਕਨਾਥ ਦੇ ਕਾਲੇ ਰੰਗ ਦੇ ਮਾਸ ਵਿਚ ਚਰਬੀ ਅਤੇ ਕੋਲੇਸਟਰੋਲ ਕਾਫ਼ੀ ਘੱਟ ਹੁੰਦਾ ਹੈ ਜਦਕਿ ਇਸ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਕੜਕਨਾਥ ਚਿਕਨ ਵਿਚ ਵਖਰੇ ਸਵਾਦ ਨਾਲ ਔਸ਼ਧੀ ਗੁਣ ਵੀ ਹੁੰਦੇ ਹਨ।  
ਸਥਾਨਕ ਭਾਸ਼ਾ ਵਿਚ ਇਸ ਮੁਰਗੇ ਨੂੰ ਕਾਲਾਮਾਸੀ ਕਿਹਾ ਜਾਂਦਾ ਹੈ। ਇਸ ਦੀ ਚਮੜੀ ਅਤੇ ਖੰਭਾਂ ਤੋਂ ਲੈ ਕੇ ਮਾਸ ਤਕ ਕਾਲੇ ਰੰਗ ਦਾ ਹੁੰਦਾ ਹੈ। ਕੜਕਨਾਥ ਨਸਲ ਦੀ ਜਿਊਂਦੇ ਮੁਰਗੇ, ਆਂਡੇ ਅਤੇ ਇਸ ਦਾ ਮਾਸ ਦੂਜਿਆਂ ਮੁਰਗਿਆਂ ਮੁਕਾਬਲੇ ਮਹਿੰਗਾ ਵਿਕਦਾ ਹੈ।