ਕੁੱਝ ਲੋਕ ਸੋਚਦੇ ਹਨ ਰਾਮ ਮੰਦਰ ਬਣਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ : ਸ਼ਰਦ ਪਵਾਰ ਦਾ ਵਿਅੰਗ
ਐਨ.ਸੀ.ਪੀ ਸੁਪਰੀਮੋ ਸ਼ਰਦ ਪਵਾਰ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਮੁੰਬਈ : ਐਨ.ਸੀ.ਪੀ ਸੁਪਰੀਮੋ ਸ਼ਰਦ ਪਵਾਰ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਜ਼ਿਆਦਾ ਕੀ ਜ਼ਰੂਰੀ ਹੈ। ਕੋਰੋਨਾ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ। ਸ਼ਰਦ ਪਵਾਰ ਨੇ ਕਿਹਾ ਕਿ ਕੁੱਝ ਲੋਕ ਸੋਚਦੇ ਹਨ ਕਿ ਰਾਮ ਮੰਦਰ ਬਣਾਉਣ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ।
ਫ਼ਿਲਹਾਲ ਸਰਕਾਰ ਤਾਲਾਬੰਦੀ ਨਾਲ ਅਰਥ ਵਿਵਸਥਾ ਨੂੰ ਹੋਏ ਨੁਕਸਾਨ ਵਲ ਧਿਆਨ ਦੇਵੇ। ਆਰਥਿਕ ਹਾਲਤ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸ਼ਰਦ ਪਵਾਰ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ, ਜਦੋਂ ਚਰਚਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ 'ਚ ਸ਼ਾਮਲ ਹੋ ਸਕਦੇ ਹਨ।
ਸਨਿਚਰਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ ਹੋਈ ਸੀ। ਇਸ ਬੈਠਕ 'ਚ ਇਸ 'ਤੇ ਚਰਚਾ ਕੀਤੀ ਗਈ ਕਿ ਭੂਮੀ ਪੂਜਨ ਦੀ ਤਾਰੀਖ਼ ਕਿਹੜੀ ਹੋਵੇ।
ਚਰਚਾ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਤੋਂ 3 ਅਗੱਸਤ ਅਤੇ 5 ਅਗੱਸਤ ਦੀ ਤਾਰੀਖ਼ ਭੇਜੀ ਗਈ ਹੈ। ਹਾਲਾਂਕਿ ਸੂਤਰਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 5 ਅਗੱਸਤ ਨੂੰ ਅਯੁੱਧਿਆ ਜਾ ਸਕਦੇ ਹਨ। ਅਜੇ ਇਸ ਤਾਰੀਖ਼ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ।