ਫ਼ੌਜ ਦੇ ਬੰਕਰ 'ਚ ਲੱਗੀ ਅੱਗ, ਕੈਪਟਨ ਸ਼ਹੀਦ ਤੇ 3 ਜਵਾਨ ਜ਼ਖ਼ਮੀ
ਗੋਲਾ ਬਾਰੂਦ ਦੇ ਬੰਕਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ
ਸਿਆਚਿਨ ਗਲੇਸ਼ੀਅਰ 'ਚ ਬੁੱਧਵਾਰ ਤੜਕੇ ਅੱਗ ਲੱਗਣ ਦੀ ਘਟਨਾ 'ਚ ਫ਼ੌਜ ਦਾ ਇਕ ਅਫ਼ਸਰ ਸ਼ਹੀਦ ਹੋ ਗਿਆ ਜਦਕਿ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਦਸਿਆ ਕਿ ਇਹ ਘਟਨਾ ਤੜਕੇ 3.30 ਵਜੇ ਦੇ ਕਰੀਬ ਵਾਪਰੀ। ਲੇਹ ਦੇ ਰਖਿਆ ਪੀਆਰਓ ਨੇ ਦਸਿਆ ਕਿ ਜ਼ਖ਼ਮੀ ਜਵਾਨਾਂ ਦੀ ਹਾਲਤ ਸਥਿਰ ਹੈ। ਜ਼ਖ਼ਮੀਆਂ ਨੂੰ ਧੂੰਏਂ ਕਾਰਨ ਸਾਹ ਲੈਣ ਵਿਚ ਮੁਸ਼ਕਲ ਆਈ ਅਤੇ ਉਨ੍ਹਾਂ ਦੇ ਸਰੀਰ ਕਾਫੀ ਸੜ ਚੁੱਕੇ ਹਨ। ਅਧਿਕਾਰੀ ਨੇ ਦਸਿਆ ਕਿ ਰੈਜੀਮੈਂਟਲ ਮੈਡੀਕਲ ਅਫ਼ਸਰ ਕੈਪਟਨ ਅੰਸ਼ੁਮਾਨ ਸਿੰਘ ਦੀ ਗੰਭੀਰ ਰੂਪ ਨਾਲ ਝੁਲਸਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਰਾਏਗੜ੍ਹ 'ਚ ਖਿਸਕੀ ਜ਼ਮੀਨ, ਮਲਬੇ 'ਚ ਦਬੇ ਕਰੀਬ 48 ਘਰ
ਮੀਡੀਆ ਰਿਪੋਰਟਾਂ ਮੁਤਾਬਕ ਅੱਗ ਦੀ ਇਹ ਘਟਨਾ ਸਲਟੋਰੋ ਖੇਤਰ ਵਿਚ ਵਾਪਰੀ। ਦਸਿਆ ਜਾ ਰਿਹਾ ਹੈ ਕਿ ਗੋਲਾ ਬਾਰੂਦ ਦੇ ਬੰਕਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਜਿਸ ਨੇ ਆਸ-ਪਾਸ ਦੇ ਕਈ ਟੈਂਟਾਂ ਨੂੰ ਅਪਣੀ ਲਪੇਟ 'ਚ ਲੈ ਲਿਆ।
ਜ਼ਖ਼ਮੀ ਫ਼ੌਜੀਆਂ ਦੇ ਨਾਂਅ ਅਜੇ ਜਨਤਕ ਨਹੀਂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਾਲ 2011 'ਚ ਸਿਆਚਿਨ 'ਚ ਅਸ਼ੋਕ ਪੋਸਟ 'ਤੇ ਫ਼ੌਜ ਦੇ ਬੰਕਰ 'ਚ ਅੱਗ ਲੱਗ ਗਈ ਸੀ। ਇਸ ਘਟਨਾ ਵਿਚ ਮੇਜਰ ਜੀ.ਐਸ. ਚੀਮਾ ਅਤੇ ਲੈਫਟੀਨੈਂਟ ਅਰਚਿਤ ਵਰਦਿਆ ਸ਼ਹੀਦ ਹੋ ਗਏ ਸਨ। ਇਸ ਹਾਦਸੇ 'ਚ 4 ਜਵਾਨ ਜ਼ਖ਼ਮੀ ਹੋ ਗਏ।