ਮੰਦੀ ਅਤੇ ਕੋਰੋਨਾ ਵਾਇਰਸ ਸੰਕਟ ਸਮੇਂ 'ਵਰਦਾਨ' ਸਾਬਤ ਹੋ ਰਿਹੈ ਸੋਨੇ ਵਿਚ ਨਿਵੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਉਣ ਵਾਲੇ ਦਿਨਾਂ ਵਿਚ ਹੋਰ ਵੱਧ ਸਕਦੀ ਹੈ ਕੀਮਤ

Gold

ਨਵੀਂ ਦਿੱਲੀ, 16 ਅਗੱਸਤ : ਸੋਨਾ ਔਖੇ ਵੇਲੇ ਕੰਮ ਆਉਣ ਵਾਲੀ ਸੰਪਤੀ ਹੈ। ਇਹ ਧਾਰਨਾ ਮੌਜੂਦਾ ਹਾਲਤਾਂ ਵਿਚ ਇਕ ਵਾਰ ਫਿਰ ਸਹੀ ਸਾਬਤ ਹੋ ਰਹੀ ਹੈ। ਕੋਵਿਡ-19 ਮਹਾਂਮਾਰੀ ਅਤੇ ਭੂ-ਰਾਜਸੀ ਸੰਕਟ ਵਿਚਾਲੇ ਸੋਨਾ ਇਕ ਵਾਰ ਫਿਰ ਰੀਕਾਰਡ ਬਣਾ ਰਿਹਾ ਹੈ ਅਤੇ ਹੋਰ ਸੰਪਤੀਆਂ ਦੀ ਤੁਲਨਾ ਵਿਚ ਨਿਵੇਸ਼ਕਾਂ ਲਈ ਨਿਵੇਸ਼ ਦਾ ਬਿਹਤਰ ਬਦਲ ਸਾਬਤ ਹੋਇਆ ਹੈ।

ਆਲ ਇੰਡੀਆ ਜੈਮਜ਼ ਐਂਡ ਜਿਊਲਰੀ ਫ਼ੈਡਰੇਸ਼ਨ ਦੇ ਸਾਬਕਾ ਚੇਅਰਮੈਨ ਬੱਛਰਾਜ ਬਮਾਲਵਾ ਨੇ ਕਿਹਾ, 'ਸੰਸਾਰ ਅਨਿਸ਼ਚਿਤਤਾ ਕਾਰਨ ਸੋਨਾ ਚੜ੍ਹ ਰਿਹਾ ਹੈ ਹਾਲਾਂਕਿ ਸੋਨੇ ਦੀ ਭੌਤਿਕ ਮੰਗ ਘੱਟ ਹੈ ਪਰ ਇਸ ਦੇ ਬਾਵਜੂਦ ਜੋਖਮ ਵਿਚਾਲੇ ਨਿਵੇਸ਼ਕਾਂ ਨੂੰ ਅਪਣੀ ਬੱਚਤ ਅਤੇ ਨਿਵੇਸ਼ ਲਈ ਇਸ ਪੀਲੀ ਧਾਤ ਵਿਚ ਸੱਭ ਤੋਂ ਬਿਹਤਰ ਬਦਲ ਨਜ਼ਰ ਆ ਰਿਹਾ ਹੈ।' ਬਮਾਲਵਾ ਕਹਿੰਦੇ ਹਨ ਕਿ ਰੂਸਮ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਹਾਲੇ ਦੁਨੀਆਂ ਨੂੰ ਇਸ ਬਾਰੇ ਸ਼ੱਕ ਹੈ। ਉਹ ਮੰਨਦੇ ਹਨ ਕਿ ਵੈਕਸੀਨ ਬਾਰੇ ਜਿਉਂ ਜਿਉਂ ਹਾਂਪੱਖੀ ਖ਼ਬਰਾਂ ਆਉਣਗੀਆਂ, ਹੋਰ ਸੰਪਤੀਆਂ ਵਿਚ ਨਿਵੇਸ਼ ਵਧੇਗਾ ਅਤੇ ਸੋਨਾ ਸਥਿਰ ਹੋਵੇਗਾ।

ਦਿੱਲੀ ਬੁਲੀਅਨ ਐਂਡ ਜਿਊਲਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਮਲ ਗੋਇਲ ਦਾ ਮੰਨਣਾ ਹੈ ਕਿ ਘੱਟੋ ਘੱਟ ਇਕ ਸਾਲ ਤਕ ਸੋਨਾ ਉੱਚੇ ਪੱਧਰ 'ਤੇ ਰਹੇਗਾ। ਉਹ ਕਹਿੰਦੇ ਹਨ ਕਿ ਸੰਕਟ ਦੇ ਇਸ ਸਮੇਂ ਸੋਨਾ ਨਿਵੇਸ਼ਕਾਂ ਲਈ ਵਰਦਾਨ ਹੈ। ਗੋਇਲ ਕਹਿੰਦੇ ਹਨ ਕਿ ਦੀਵਾਲੀ ਦੇ ਨੇੜੇ-ਤੇੜੇ ਸੋਨੇ ਵਿਚ 10 ਤੋਂ 15 ਫ਼ੀ ਸਦੀ ਤਕ ਉਛਾਲ ਆ ਸਕਦਾ ਹੈ। ਆਜ਼ਾਦ ਫ਼ਾਇਨੈਂਸ਼ੀਅਲ ਸਰਵਿਸਜ਼ ਦੇ ਮੁਖੀ ਅਮਿਤ ਆਜ਼ਾਦ ਮੰਨਦੇ ਹਨ ਕਿ ਸੋਨੇ ਵਿਚ ਇਸ ਸਮੇਂ ਤੇਜ਼ੀ ਦਾ ਕਾਰਨ ਅਮਰੀਕਾ ਅਤੇ ਚੀਨ ਵਿਚਲਾ ਤਣਾਅ ਵੀ ਹੈ। ਇਹ ਤਣਾਅ ਅਮਰੀਕੀ ਚੋਣਾਂ ਤਕ ਰਹੇਗਾ। ਫਿਰ ਸਥਿਤੀ ਸਥਿਰ ਹੋਵੇਗੀ।

ਮੋਤੀਲਾਲ ਓਸਵਾਲ ਫ਼ਾਇਨੈਂਸ਼ੀਅਲ ਸਰਵਿਸਜ਼ ਦੇ ਕਿਸ਼ੋਰ ਨਾਰਨੇ ਕਹਿੰਦੇ ਹਨ ਕਿ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਕਾਰਨ ਕੋਵਿਡ-19 ਕਾਰਨ ਅਰਥਚਾਰਿਆਂ ਵਿਚ ਆਈ ਮੰਦੀ ਅਤੇ ਵਿਆਜ ਦਰਾਂ ਦਾ ਲਗਭਗ ਸਿਫ਼ਰ ਦੇ ਪੱਧਰ 'ਤੇ ਹੋਣਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਵਪਾਰ ਯੁੱਧ ਅਤੇ ਸੰਸਾਰ ਅਰਥਚਾਰੇ ਵਿਚ ਕਮੀ ਦੇ ਖ਼ਦਸ਼ੇ ਵਿਚਾਲੇ ਸੋਨਾ ਆਕਰਸ਼ਕ ਸੰਪਤੀ ਹੈ।  ਉਨ੍ਹਾਂ ਕਿਹਾ ਕਿ ਅਗਲੇ 12 ਤੋਂ 15 ਮਹੀਨਿਆਂ ਵਿਚ ਸੋਨਾ ਅੰਤਰਰਾਸ਼ਟਰੀ ਪੱਧਰ 'ਤੇ ਲਗਭਗ 2450 ਡਾਲਰ ਪ੍ਰਤੀ ਔਂਸ 'ਤੇ ਹੋਵੇਗਾ। ਘਰੇਲੂ ਬਾਜ਼ਾਰ ਵਿਚ ਇਹ 67000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ। ਅਮਰੀਕੀ ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਵਿਆਜ ਦਰਾਂ ਵਿਚ ਵਾਧੇ ਦੀ ਗੁੰਜਾਇਸ਼ ਨਹੀਂ। ਸੋ, ਲੋਕਾਂ ਕੋਲ ਸੰਕਟ ਦੇ ਸਮੇਂ ਬੱਚਤ ਕਰਨ ਅਤੇ ਕੁੱਝ ਕਮਾਉਣ ਲਈ ਸੋਨੇ ਨਾਲੋਂ ਬਿਹਤਰ ਨਿਵੇਸ਼ ਨਹੀਂ। (ਏਜੰਸੀ)