ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਭਰੋਸੇ ਦਾ ਵੋਟ ਜਿਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਦਨ ਨੇ ਜ਼ੁਬਾਨੀ ਵੋਟਾਂ ਨਾਲ ਪਾਸ ਕੀਤਾ ਮਤਾ

The Congress government led by Ashok Gehlot won the vote of confidence

ਜੈਪੁਰ,  14 ਅਗੱਸਤ : ਰਾਜਸਥਾਨ ਵਿਚ ਲਗਭਗ ਇਕ ਮਹੀਨੇ ਚਲੀ ਸਿਆਸੀ ਖਿੱਚੋਤਾਣ ਮਗਰੋਂ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ਼ੁਕਰਵਾਰ ਨੂੰ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤ ਲਿਆ। ਸਦਨ ਨੇ ਸਰਕਾਰ ਦੁਆਰਾ ਲਿਆਂਦੇ ਗਏ ਵਿਸ਼ਵਾਸ ਮਤ ਦੇ ਨੋਟਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿਤਾ। ਮਤੇ 'ਤੇ ਅਪਣਾ ਜਵਾਬ ਦਿੰਦਿਆਂ ਗਹਿਲੋਤ ਨੇ ਵਿਰੋਧੀ ਧਿਰ ਦੁਆਰਾ ਲਾਏ ਗਏ ਤਮਾਮ ਦੋਸ਼ਾਂ ਨੂੰ ਰੱਦ ਕਰ ਦਿਤਾ। ਉਨ੍ਹਾਂ ਕਿਹਾ, 'ਤਮਾਮ ਦੋਸ਼ਾਂ ਨੂੰ ਮੈਂ ਰੱਦ ਕਰਦਾ ਹਾਂ, ਕੋਰੋਨਾ ਵਾਇਰਸ ਮਹਾਂਮਾਰੀ ਦੀ ਹਾਲਤ ਨਾਲ ਸਿੱਝਣ ਵਿਚ ਰਾਜਸਥਾਨ ਦੀ ਸ਼ਲਾਘਾ ਦੇਸ਼-ਦੁਨੀਆਂ ਨੇ ਕੀਤੀ ਹੈ।

ਗਹਿਲੋਤ ਨੇ ਦੋਸ਼ ਲਾਇਆ, 'ਭਾਜਪਾ ਅਤੇ ਕੇਂਦਰ ਦੀ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਰਚੀ ਪਰ ਕਾਂਗਰਸ ਦੇ ਕੁਨਬੇ ਵਿਚ ਫੁੱਟ ਪਾਉਣ ਦੇ ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ।' ਮਤੇ 'ਤੇ ਬਹਿਸ ਦੌਰਾਨ ਵਿਰੋਧੀ ਆਗੂਆਂ ਦੁਆਰਾ ਕਈ ਵਾਰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਵਿਚਾਲੇ ਚਲੀ ਖਿੱਚੋਤਾਣ 'ਤੇ ਵਿਅੰਗ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਗਹਿਲੋਤ ਨੇ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦਸਿਆ। ਉਨ੍ਹਾਂ ਕਿਹਾ, 'ਭਾਜਪਾ ਵਾਲੇ ਕੌਣ ਹੁੰਦੇ ਹਨ ਸਾਡੀ ਪਾਰਟੀ ਬਾਰੇ ਬੋਲਣ ਵਾਲੇ? ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ।'

ਵਿਧਾਇਕਾਂ ਦੇ ਫ਼ੋਨ ਟੈਪ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਗਹਿਲੋਤ ਨੇ ਕਿਹਾ, 'ਸਾਡੇ ਇਥੇ ਕੋਈ ਫ਼ੋਨ ਟੈਪ ਨਹੀਂ ਕਰਦਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ।' ਮੁੱਖ ਮੰਤਰੀ ਦੇ ਜਵਾਬ ਮਗਰੋਂ ਸਦਨ ਨੇ ਸਰਕਾਰ ਦੇ ਭਰੋਸੇ ਦੇ ਵੋਟ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ। ਵਿਧਾਨ ਸਭਾ ਸਪੀਕਰ ਸੀ ਪੀ ਜੋਸ਼ੀ ਨੇ ਸਦਨ ਦੁਆਰਾ ਮੰਤਰੀ ਮੰਡਲ ਵਿਚ ਵਿਸ਼ਵਾਸ ਪ੍ਰਗਟ ਕਰਨ ਦੇ ਮਤੇ ਨੂੰ ਪ੍ਰਵਾਨ ਕੀਤੇ ਜਾਣ ਦਾ ਐਲਾਨ ਕੀਤਾ। ਫਿਰ ਸਦਨ ਦੀ ਕਾਰਵਾਈ 21 ਅਗੱਸਤ ਤਕ ਲਈ ਟਾਲ ਦਿਤੀ ਗਈ।

ਇਸ ਤੋਂ ਪਹਿਲਾਂ ਸੰਸਦੀ ਕਾਰਜ ਮੰਤਰੀ ਸ਼ਾਂਤੀ ਧਾਰੀਵਾਲ ਨੇ ਸਰਕਾਰ ਵਲੋਂ ਵਿਸ਼ਵਾਸ ਮਤ ਦਾ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਰਾਜਸਥਾਨ ਵਿਚ 'ਨਾ ਕਿਸੇ ਸ਼ਾਹ ਦੀ ਚਲਦੀ ਹੈ ਤੇ ਨਾ ਤਾਨਾਸ਼ਾਹ ਦੀ।' ਰਾਜਸਥਾਨ ਵਿਧਾਨ ਸਭਾ ਵਿਚ ਕੁਲ 200 ਮੈਂਬਰ ਹਨ। ਕਾਂਗਰਸ ਕੋਲ 107 ਵਿਧਾਇਕ ਹਨ। ਸਚਿਨ ਪਾਇਲਟ ਨੇ 19 ਵਿਧਾਇਕਾਂ ਨਾਲ ਬਗ਼ਾਵਤ ਕੀਤੀ ਸੀ ਪਰ ਹੁਣ ਸਰਕਾਰ ਦੀ ਹਮਾਇਤ ਕੀਤੀ ਹੈ। ਵਿਰੋਧੀ ਧਿਰ ਕੋਲ 76 ਵਿਧਾਇਕ ਹਨ ਜਿਸ ਵਿਚ ਭਾਜਪਾ ਕੋਲ 72 ਹਨ। (ਏਜੰਸੀ)