ਬਿਹਾਰ ’ਚ ਹੁਣ ਸੜਕ ਦੁਰਘਟਨਾ ਵਿਚ ਹੋਈ ਮੌਤ ’ਤੇ ਨਿਤੀਸ਼ ਸਰਕਾਰ ਦੇਵੇਗੀ 5 ਲੱਖ ਦਾ ਮੁਆਵਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੜਕ ਹਾਦਸੇ ਵਿਚ ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।

Bihar CM Nitish Kumar

 

ਪਟਨਾ: ਬਿਹਾਰ ਸਰਕਾਰ ਹੁਣ ਸੜਕ ਦੁਰਘਟਨਾ ਵਿਚ ਮੌਤ ਹੋ ਜਾਣ ’ਤੇ ਮੁਆਵਜ਼ਾ ਦੇਵੇਗੀ। ਬਿਹਾਰ ਸਰਕਾਰ (Bihar Government) ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੜਕ ਹਾਦਸੇ (Road Accident) ਵਿਚ ਮਾਰੇ ਗਏ ਵਿਅਕਤੀ ਨੂੰ 5 ਲੱਖ (Compensation of 5 Lakhs) ਰੁਪਏ ਦਿੱਤੇ ਜਾਣਗੇ। ਜਦੋਂ ਕਿ ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।

ਟਰਾਂਸਪੋਰਟ ਵਿਭਾਗ ਦੇ ਸਕੱਤਰ ਸੰਜੇ ਅਗਰਵਾਲ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਨੂੰ ਇਕ ਪੱਤਰ ਲਿੱਖ ਕੇ, ਡੀਐਮ, ਐਸਐਸਪੀ ਅਤੇ ਐਸਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਮੁਆਵਜ਼ਾ ਦੇਣ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ 'ਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ। 

ਮੁੱਖ ਮੰਤਰੀ ਨਿਤੀਸ਼ ਕੁਮਾਰ (Bihar CM Nitish Kumar) ਨੇ ਕੈਬਨਿਟ ਰਾਹੀਂ ਹਾਦਸੇ ਦੇ ਮੁਆਵਜ਼ੇ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਹੈ। ਟਰਾਂਸਪੋਰਟ ਸਕੱਤਰ ਨੇ ਕਿਹਾ ਕਿ ਸਾਰੇ ਐਸ.ਡੀ.ਓਜ਼ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਮੁਆਵਜ਼ੇ ਦੇ ਭੁਗਤਾਨ ਲਈ ਦੁਰਘਟਨਾ ਦਾਅਵੇ ਦਾ ਮੁਲਾਂਕਣ ਕਰਨ ਦਾ ਅਧਿਕਾਰ ਹੈ। ਇਹ ਸਕੀਮ 15 ਸਤੰਬਰ ਤੋਂ ਪੂਰੇ ਸੂਬੇ ਵਿਚ ਲਾਗੂ ਕੀਤੀ ਜਾਵੇਗੀ। ਮੁਆਵਜ਼ਾ ਦੇਣ ਲਈ, ਇਹ ਬਿਹਾਰ ਮੋਟਰ ਵਹੀਕਲ ਰੂਲਜ਼ 2021 ਅਤੇ ਬਿਹਾਰ ਮੋਟਰ ਵਹੀਕਲ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਰੂਲਜ਼ 2021 ਦੇ ਅਧੀਨ ਹੋਵੇਗਾ।

ਸੰਜੇ ਅਗਰਵਾਲ ਨੇ ਦੱਸਿਆ ਕਿ ਮੁਆਵਜ਼ਾ ਰਾਸ਼ੀ ਲਈ ਮੁੱਖ ਦਫ਼ਤਰ ਪੱਧਰ 'ਤੇ ਬਿਹਾਰ ਵਾਹਨ ਦੁਰਘਟਨਾ ਸਹਾਇਤਾ ਫੰਡ ਦਾ ਗਠਨ ਕੀਤਾ ਗਿਆ ਹੈ। ਟਰਾਂਸਪੋਰਟ ਸਕੱਤਰ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੋਟਰ ਵਾਹਨ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰਕ ਮੈਂਬਰਾਂ ਨੂੰ 5 ਲੱਖ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਨੇ ਸਿਖਲਾਈ 'ਤੇ ਬਹੁਤ ਜ਼ੋਰ ਦਿੱਤਾ ਹੈ ਤਾਂ ਜੋ ਮੁਆਵਜ਼ਾ ਦੇਣ ਵਿਚ ਕੋਈ ਮੁਸ਼ਕਲ ਨਾ ਆਵੇ।