ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਹੋਇਆ ਨਕਸਲੀ ਹਮਲਾ, ITBP ਦੇ 2 ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਕਸਲਵਾਦੀ ਇਕ AK-47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇਕ ਵਾਇਰਲੈਸ ਸੈੱਟ ਲੁੱਟ ਕੇ ਮੌਕੇ ਤੋਂ ਭੱਜ ਗਏ।

Naxal attack in Narayanpur, Chhattisgarh

ਛੱਤੀਸਗੜ੍ਹ: ਛੱਤੀਸਗੜ੍ਹ ਤੋਂ ਨਕਸਲੀਆਂ ਦੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਮਲਾ ਨਾਰਾਇਣਪੁਰ (Narayanpur) ਵਿਚ ਹੋਇਆ, ਜਿਸ ਵਿਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। ਬਸਤਰ ਦੇ ਆਈਜੀ ਪੀ ਸੁੰਦਰਰਾਜ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਵਿਚ ਆਈਟੀਬੀਪੀ ਕੈਂਪ ਕਾਡੇਮੇਟਾ ਦੇ ਨੇੜੇ ਇਕ ਨਕਸਲੀ ਹਮਲੇ ਵਿਚ ਆਈਟੀਬੀਪੀ (Indo-Tibetan Border Police) ਦੇ ਦੋ ਜਵਾਨ ਸ਼ਹੀਦ ਹੋ ਗਏ। ਨਕਸਲਵਾਦੀ (Naxalites) ਇਕ AK-47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇਕ ਵਾਇਰਲੈਸ ਸੈੱਟ ਲੁੱਟ ਕੇ ਮੌਕੇ ਤੋਂ ਭੱਜ ਗਏ।

ਇਸ ਤੋਂ ਪਹਿਲਾਂ ਐਤਵਾਰ ਨੂੰ ਕੁਆਕਾਂਡਾ ਥਾਣੇ ਦੀ ਪੁਲਿਸ ਟੀਮ ਬਡੇਗੁਦਰਾ ਅਤੇ ਅਟੇਪਾਲ ਪਿੰਡਾਂ ਵੱਲ ਰਵਾਨਾ ਹੋਈ ਸੀ। ਜਦ ਤਿੰਨ ਸ਼ੱਕੀ ਵਿਅਕਤੀ ਅਟੇਪਾਲ ਪਿੰਡ ਦੇ ਨੇੜੇ ਜੰਗਲ ਵਿਚ ਭੱਜਣ ਲੱਗੇ ਤਾਂ ਪੁਲਿਸ ਨੇ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਫੜ ਲਿਆ। ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਆਪਣੇ ਨਾਂ ਹੂੰਗਾ ਕਰਟਾਮ, ਆਇਤਾ ਮਾੜਵੀ ਅਤੇ ਲਾਠੀ ਕਰਟਾਮ ਦੱਸੇ। 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਸੁਕਮਾ ਵਿਚ ਸੁਰੱਖਿਆ ਬਲਾਂ ਅਤੇ ਨਕਸਲਵਾਦੀਆਂ ਦੇ ਵਿਚ ਹੋਏ ਮੁਕਾਬਲੇ ਵਿਚ ਇਕ ਮਾਓਵਾਦੀ ਮਾਰਿਆ ਗਿਆ ਸੀ। ਇਹ ਮੁਕਾਬਲਾ ਰਾਏਪੁਰ ਤੋਂ ਕਰੀਬ 400 ਕਿਲੋਮੀਟਰ ਦੂਰ ਚਿੰਤਾਗੁਫਾ ਥਾਣਾ ਖੇਤਰ ਦੇ ਅਧੀਨ ਪੈਂਦੇ ਮਿਨਪਾ ਪਿੰਡ ਦੇ ਨੇੜੇ ਇਕ ਜੰਗਲ ਵਿਚ ਹੋਇਆ ਸੀ, ਜਦੋਂ ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਤਲਾਸ਼ੀ ਮੁਹਿੰਮ 'ਤੇ ਸੀ।