ਕਰਨਾਲ ਦੇ ਸਿੱਖ ਵਿਦਿਆਰਥੀ ਨੇ ਰਚਿਆ ਇਤਿਹਾਸ, 2 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ
ਹਰ ਸਾਲ ਦੁਨੀਆਂ ਭਰ ਤੋਂ ਸਕਾਲਰਸ਼ਿਪ ਲਈ ਚੁਣੇ ਜਾਂਦੇ ਹਨ 37 ਵਿਦਿਆਰਥੀ
ਕਰਨਾਲ : ਕਰਨਾਲ ਦੇ ਸੇਂਟ ਥੇਰੇਸਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਕੈਨੇਡਾ ਵਿਚ ਨੰਬਰ 1 ਅਤੇ ਦੁਨੀਆਂ ਵਿਚ 17ਵੇਂ ਸਥਾਨ ’ਤੇ ਰਹੀ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ 2 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ। ਅੱਜ ਸਕੂਲ ਦੀ ਪਿ੍ਰੰਸੀਪਲ ਸਿਸਟਰ ਪਿ੍ਰਆ ਥੇਰੇਸ ਨੇ ਪਰਮਵੀਰ ਸਿੰਘ ਨੂੰ ਉਸ ਦੇ ਦਾਦਾ ਸਾਧਾ ਸਿੰਘ, ਪਿਤਾ ਪ੍ਰੀਤਪਾਲ ਸਿੰਘ ਪੰਨੂ ਅਤੇ ਮਾਤਾ ਮਨਜੀਤ ਕੌਰ ਦੀ ਹਾਜ਼ਰੀ ਵਿਚ ਸਕੂਲ ਬੁਲਾ ਕੇ ਮਿਠਾਈ ਖਿਲਾ ਕੇ ਸਨਮਾਨਤ ਕੀਤਾ।
ਪਿ੍ਰੰਸੀਪਲ ਪਿ੍ਰਆ ਥੇਰੇਸ ਨੇ ਦਸਿਆ ਕਿ ਲੈਸਟਰ ਬੀ.ਪੀਅਰਸਨ ਸਕਾਲਰਸ਼ਿਪ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬੀ.ਪੀਅਰਸਨ ਦੇ ਨਾਂ ’ਤੇ ਦਿਤੀ ਜਾਂਦੀ ਹੈ ਅਤੇ ਹਰ ਸਾਲ ਦੁਨੀਆਂ ਭਰ ਤੋਂ 37 ਵਿਦਿਆਰਥੀ ਇਸ ਸਕਾਲਰਸ਼ਿਪ ਲਈ ਚੁਣੇ ਜਾਂਦੇ ਹਨ। ਇਹ ਸਕਾਲਰਸ਼ਿਪ ਅਕਾਦਮਿਕ ਅੰਕਾਂ, ਖੇਡਾਂ ਵਿਚ ਵਿਦਿਆਰਥੀ ਦੀਆਂ ਪ੍ਰਾਪਤੀਆਂ, ਸਮਾਜ ਸੇਵਾ ਆਦਿ ਦੇ ਨਾਲ-ਨਾਲ ਐਸਏਟੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਸਮੁੱਚੀ ਸ਼ਖਸੀਅਤ ਦਾ ਮੁਲਾਂਕਣ ਕਰਦੀ ਹੈ।
ਜ਼ਿਕਰਯੋਗ ਹੈ ਕਿ ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਦੇ ਪੁੱਤਰ ਪਰਮਵੀਰ ਸਿੰਘ ਨੇ ਸੈਟ ਪ੍ਰੀਖਿਆ ਵਿਚ 1600 ’ਚੋਂ 1530 ਅੰਕ ਪ੍ਰਾਪਤ ਕਰ ਕੇ ਵਿਸ਼ਵ ਭਰ ਦੇ ਸਿਖਰਲੇ 1 ਫ਼ੀ ਸਦੀ ਪ੍ਰਤੀਯੋਗੀਆਂ ਵਿਚ ਅਪਣੀ ਥਾਂ ਬਣਾਈ ਸੀ। 12ਵੀਂ ਦੀ ਪ੍ਰੀਖਿਆ ਵਿਚ 95 ਫ਼ੀ ਸਦੀ ਅੰਕ ਪ੍ਰਾਪਤ ਕਰਨ ਵਾਲੇ ਪਰਮਵੀਰ ਸਿੰਘ ਨੇ ਸਮਾਜ ਸੇਵਾ ਵਿਚ ਵੀ ਅਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।
ਪਰਮਵੀਰ ਸਿੰਘ, ਜਿਨ੍ਹਾਂ ਨੇ ਕਰੋਨਾ ਦੇ ਸਮੇਂ ਦੌਰਾਨ ਵੀ ਸੇਵਾ ਦਾ ਕੰਮ ਕੀਤਾ, ਨੇ ਬੱਚਿਆਂ ਨਾਲ ਬਦਸਲੂਕੀ ਅਤੇ ਨਸ਼ਿਆਂ ਵਿਰੁਧ 22 ਘੰਟੇ ਦਾ ਵੈਬੀਨਾਰ ਵੀ ਲਗਾਇਆ ਸੀ, ਜਿਸ ਨੂੰ ਵਰਲਡ ਬੁੱਕ ਆਫ਼ ਰਿਕਾਰਡਜ ਲੰਡਨ ਵਿਚ ਸ਼ਾਮਲ ਕੀਤਾ ਗਿਆ ਸੀ। ਪਰਮਵੀਰ ਸਕੂਲ ਤੋਂ ਫ਼ੁੱਟਬਾਲ ਖਿਡਾਰੀ ਵੀ ਰਿਹਾ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰਖਦਿਆਂ ਅਤੇ ਪੜ੍ਹਾਈ ਵਿਚ ਲਗਾਤਾਰ ਚੰਗੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਰਮਵੀਰ ਨੂੰ ਵਿਸ਼ਵ ਦੀ ਇਸ ਸੱਭ ਤੋਂ ਵੱਕਾਰੀ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਪਰਮਵੀਰ ਲੈਸਟਰ ਬੀ. ਪੀਅਰਸਨ ਸਕਾਲਰਸ਼ਿਪ ਹਾਸਲ ਕਰਨ ਵਾਲਾ ਹਰਿਆਣਾ ਰਾਜ ਦਾ ਪਹਿਲਾ ਵਿਦਿਆਰਥੀ ਬਣ ਗਿਆ ਹੈ।
ਪਰਮਵੀਰ ਨੇ ਅਪਣੀ ਪ੍ਰਾਪਤੀ ਦਾ ਸਿਹਰਾ ਅਪਣੇ ਸਕੂਲ, ਪਿ੍ਰੰਸੀਪਲ ਅਤੇ ਅਧਿਆਪਕਾਂ ਦੇ ਨਾਲ-ਨਾਲ ਅਪਣੇ ਮਾਤਾ-ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਇਹ ਸੱਭ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਸਲਾਹ ਦਿਤੀ ਕਿ ਜੇਕਰ ਉਹ ਵੀ ਵਿਦੇਸ਼ ਵਿਚ ਪੜ੍ਹਨਾ ਚਾਹੁੰਦੇ ਹਨ ਅਤੇ ਸਕਾਲਰਸ਼ਿਪ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਦਿਅਕ ਖੇਤਰ ਵਿਚ ਚੰਗਾ ਪ੍ਰਦਰਸਨ ਕਰਨ ਦੇ ਨਾਲ-ਨਾਲ ਸਮਾਜ ਸੇਵਾ, ਖੇਡਾਂ ਆਦਿ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਅਪਣੀ ਸ਼ਖਸੀਅਤ ਨੂੰ ਨਿਖਾਰਨਾ ਚਾਹੀਦਾ ਹੈ।
ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਬੇਹੱਦ ਖ਼ੁਸ਼ੀ ਅਤੇ ਮਾਣ ਹੈ। ਕਾਨਵੈਂਟ ਸਕੂਲ ਦੇ ਅਧਿਆਪਕ ਜਸਵੰਤ ਰੇਧੂ ਨੇ ਕਿਹਾ ਕਿ ਇਹ ਸਕੂਲ ਲਈ ਹੀ ਨਹੀਂ ਸਗੋਂ ਪੂਰੇ ਸ਼ਹਿਰ ਅਤੇ ਸੂਬੇ ਲਈ ਮਾਣ ਵਾਲੀ ਗੱਲ ਹੈ।