Tripura News : ਭਾਰੀ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ 5 ਦੀ ਮੌਤ; CM ਨੇ ਜਤਾਇਆ ਦੁੱਖ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ

landslides in Tripura

Tripura News : ਤ੍ਰਿਪੁਰਾ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ 'ਚ ਤਿੰਨ ਥਾਵਾਂ 'ਤੇ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਏ ਹਨ। ਜ਼ਮੀਨ ਖਿਸਕਣ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੰਗਲਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੋਈ ਮੌਤ 

ਸ਼ਾਂਤੀਰਬਾਜ਼ਾਰ ਉਪ ਮੰਡਲ ਮੈਜਿਸਟਰੇਟ ਅਭੇਦਾਨੰਦ ਬੈਦਿਆ ਨੇ ਦੱਸਿਆ ਕਿ ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਦੇਬੀਪੁਰ ਵਿੱਚ ਸੋਮਵਾਰ ਰਾਤ ਨੂੰ ਭਾਰੀ ਜ਼ਮੀਨ ਖਿਸਕ ਗਈ। ਇਸ ਹਾਦਸੇ ਵਿੱਚ ਇੱਕ ਘਰ ਢਹਿ ਗਿਆ, ਜਿਸ ਕਾਰਨ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤ੍ਰਿਸ਼ੰਕਰ ਚਕਮਾ, ਉਸ ਦੀ ਪਤਨੀ ਰਜਨੀ ਅਤੇ ਬੇਟੀ ਬਿਨੀਤਾ ਵਜੋਂ ਹੋਈ ਹੈ।

ਗੁੰਮਟੀ ਵਿੱਚ ਇੱਕ ਦੀ ਮੌਤ, ਇੱਕ ਲਾਪਤਾ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐਮ) ਬੀਬੀ ਦਾਸ ਨੇ ਦੱਸਿਆ ਕਿ ਸੋਮਵਾਰ ਨੂੰ ਗੁੰਮਟੀ ਜ਼ਿਲ੍ਹੇ ਦੇ ਕਰਬੁਕ ਇਲਾਕੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ 'ਚ 52 ਸਾਲਾ ਮਾਊ ਰਿਆਂਗ ਦੀ ਮੌਤ ਹੋ ਗਈ, ਜਦਕਿ ਇਕ ਹੋਰ ਪਿੰਡ ਵਾਸੀ ਲਾਪਤਾ ਹੈ। ਲਾਪਤਾ ਪਿੰਡ ਵਾਸੀ ਦੀ ਭਾਲ ਜਾਰੀ ਹੈ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ 19 ਅਗਸਤ ਨੂੰ ਖੋਵਈ ਜ਼ਿਲੇ ਦੇ ਚੰਪਲਾਈ ਇਲਾਕੇ 'ਚ ਇਕ 14 ਸਾਲਾ ਲੜਕੇ ਦੀ ਉਸ ਦੇ ਘਰ 'ਤੇ ਮਿੱਟੀ ਦੀ ਢਿੱਗ ਡਿੱਗਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਨੇ ਜਤਾਇਆ ਦੁੱਖ 

ਇਸ ਦੌਰਾਨ ਮੁੱਖ ਮੰਤਰੀ ਮਾਨਿਕ ਸਾਹਾ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਤਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਕੁਦਰਤੀ ਆਫ਼ਤ ਦੇ ਪ੍ਰਭਾਵ ਨੂੰ ਘਟਾਉਣ ਲਈ ਢੁਕਵੀਂ ਕਾਰਵਾਈ ਕਰਨ।  ਸੀਐਮ ਮਾਨਿਕ ਸਾਹਾ ਨੇ ਇੱਕ ਪੋਸਟ ਵਿੱਚ ਲਿਖਿਆ ,"ਭਾਰੀ ਬਾਰਸ਼ ਕਾਰਨ ਦੱਖਣੀ ਤ੍ਰਿਪੁਰਾ ਅਤੇ ਹੋਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਕੇਂਦਰ ਬਣਾਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਨਤਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਰਾਹਤ ਪ੍ਰਦਾਨ ਕਰਨ ਲਈ ਢੁਕਵੀਂ ਕਾਰਵਾਈ ਕਰਨ।