ਅਸਦੁਦੀਨ ਓਵੈਸੀ ਦਾ ਵੱਡਾ ਐਲਾਨ- AIMIM ਲਵੇਗੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਹਿੱਸਾ
ਓਵੈਸੀ ਨੇ ਕਿਹਾ ਕਿ ਗੁਜਰਾਤ ਵਿਚ ਅਸੀਂ ਕਈ ਸੀਟਾਂ 'ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ।
ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi), ਜੋ ਕਿ ਗੁਜਰਾਤ ਦੌਰੇ ’ਤੇ ਹਨ, ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਆਗਾਮੀ ਵਿਧਾਨ ਸਭਾ ਚੋਣਾਂ (Assembly Elections) ਵਿਚ ਹਿੱਸਾ ਲਵੇਗੀ। ਓਵੈਸੀ ਨੇ ਕਿਹਾ ਕਿ ਇੱਥੇ ਅਸੀਂ ਕਈ ਸੀਟਾਂ 'ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ। ਸਾਡੀ ਗੁਜਰਾਤ ਇਕਾਈ ਤੈਅ ਕਰੇਗੀ ਕਿ ਅਸੀਂ ਕਿੰਨੀਆਂ ਸੀਟਾਂ 'ਤੇ ਚੋਣ ਲੜਾਂਗੇ ਅਤੇ ਅਸੀਂ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ।
ਇਸ ਤੋਂ ਇਲਾਵਾ ਓਵੈਸੀ ਨੇ ਕਾਂਗਰਸ (Congress) 'ਤੇ ਵੀ ਹਮਲਾ ਕਰਦਿਆਂ ਕਿਹਾ ਕਿ, “ਉਨ੍ਹਾਂ ਦੇ ਨੇਤਾ ਰਾਹੁਲ ਗਾਂਧੀ ਆਪਣੀ ਰਵਾਇਤੀ ਸੀਟ ਅਮੇਠੀ ਹਾਰ ਗਏ, ਸਾਡੇ ਕੋਲ ਕੋਈ ਉਮੀਦਵਾਰ ਨਹੀਂ ਸੀ। ਉਨ੍ਹਾਂ ਨੇ ਵਾਇਨਾਡ ਜਿੱਤਿਆ ਕਿਉਂਕਿ ਲਗਭਗ 35 ਫੀਸਦੀ ਵੋਟਰ ਘੱਟ ਗਿਣਤੀ ਹਨ। ਉਹ ਸਾਨੂੰ ਦੇਖਦੇ ਹੀ ਏ ਟੀਮ, ਬੀ ਟੀਮ, ਵੋਟ ਕਟਰ ਬਾਰੇ ਸੋਚਦੇ ਹਨ। ਕੋਈ ਫ਼ਰਕ ਨਹੀਂ ਪੈਂਦਾ, ਹੁਣ ਲੋਕ ਫੈਸਲਾ ਕਰਨਗੇ।”
ਦੱਸ ਦੇਈਏ ਕਿ ਗੁਜਰਾਤ ਪਹੁੰਚਣ ਤੋਂ ਬਾਅਦ, ਓਵੈਸੀ ਨੇ ਮੁਸਲਿਮ ਸਮਾਜ (Muslim Community) ਦੇ ਕਈ ਨੇਤਾਵਾਂ, ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਚੋਣ ਸਮੀਕਰਨ ਬਾਰੇ ਚਰਚਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਓਵੈਸੀ ਇਸ ਦੌਰੇ ਰਾਹੀਂ ਉੱਤਰ ਪ੍ਰਦੇਸ਼ (Uttar Pradesh) ਵਿਚ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।