Arvind Kejriwal News : 'ਆਪ' ਨੇ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗ, ਰਾਘਵ ਚੱਢਾ ਨੇ ਕਿਹਾ- ਇਹ ਨਿਯਮਾਂ ਮੁਤਾਬਕ
ਉਨ੍ਹਾਂ ਕਿਹਾ ਹੈ ਕਿ ਬਿਨਾਂ ਕਿਸੇ ਦੇਰੀ ਦੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ
Arvind Kejriwal News : ਆਮ ਆਦਮੀ ਪਾਰਟੀ (AAP) ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਕੇਂਦਰ ਸਰਕਾਰ ਤੋਂ ਸਰਕਾਰੀ ਰਿਹਾਇਸ਼ ਦੀ ਮੰਗ ਕੀਤੀ ਹੈ। 'ਆਪ' ਨੇਤਾ ਰਾਘਵ ਚੱਢਾ ਨੇ ਚੋਣ ਕਮਿਸ਼ਨ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਲਈ ਰਿਹਾਇਸ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬਿਨਾਂ ਕਿਸੇ ਦੇਰੀ ਦੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ।
ਰਾਘਵ ਚੱਢਾ ਨੇ ਕਿਹਾ, 'ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਕਿਸੇ ਵੀ ਰਾਸ਼ਟਰੀ ਪਾਰਟੀ ਨੂੰ ਦੋ ਸਾਧਨ ਦਿੱਤੇ ਜਾਂਦੇ ਹਨ। ਜਿਸ ਵਿੱਚ ਪਹਿਲੇ ਨੰਬਰ 'ਤੇ ਰਾਸ਼ਟਰੀ ਦਫਤਰ ਹੈ। ਇਸ ਤੋਂ ਇਲਾਵਾ ਕੌਮੀ ਪੱਧਰ ਦੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਸਰਕਾਰੀ ਰਿਹਾਇਸ਼ ਵੀ ਦਿੱਤੀ ਜਾਂਦੀ ਹੈ। ਇਸ ਲਈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ ਕੌਸ਼ਾਂਬੀ ਵਿੱਚ ਰਹਿੰਦੇ ਸਨ ਕੇਜਰੀਵਾਲ
ਦਸੰਬਰ 2013 'ਚ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੇਜਰੀਵਾਲ ਗਾਜ਼ੀਆਬਾਦ ਦੇ ਕੌਸ਼ੰਬੀ ਇਲਾਕੇ 'ਚ ਰਹਿੰਦੇ ਸਨ। ਮੁੱਖ ਮੰਤਰੀ ਦੇ ਤੌਰ 'ਤੇ ਉਹ ਮੱਧ ਦਿੱਲੀ ਦੇ ਤਿਲਕ ਲੇਨ ਸਥਿਤ ਇੱਕ ਘਰ ਵਿੱਚ ਰਹਿੰਦੇ ਸਨ। ਫਰਵਰੀ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਉੱਤਰੀ ਦਿੱਲੀ ਦੇ ਸਿਵਲ ਲਾਈਨ ਖੇਤਰ ਵਿੱਚ 6, ਫਲੈਗਸਟਾਫ ਰੋਡ ਸਥਿਤ ਰਿਹਾਇਸ਼ ਵਿੱਚ ਚਲੇ ਗਏ।
ਕੱਲ੍ਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਆਤਿਸ਼ੀ
ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨੇ ਉਨ੍ਹਾਂ ਦੀ ਥਾਂ 'ਤੇ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ। ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਆਤਿਸ਼ੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ LG ਨੂੰ ਪੱਤਰ ਵੀ ਸੌਂਪਿਆ ਸੀ। ਅਸਤੀਫਾ ਅਤੇ ਪੱਤਰ ਉਪ ਰਾਜਪਾਲ ਨੇ ਰਾਸ਼ਟਰਪਤੀ ਨੂੰ ਭੇਜਿਆ ਹੈ। ਹਾਲਾਂਕਿ ਆਤਿਸ਼ੀ ਨੇ ਸਹੁੰ ਚੁੱਕ ਸਮਾਗਮ ਲਈ ਕੋਈ ਤਰੀਕ ਨਹੀਂ ਮੰਗੀ ਸੀ ਪਰ ਦਿੱਲੀ ਦੇ ਉਪ ਰਾਜਪਾਲ ਨੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਤਰੀਕ 21 ਸਤੰਬਰ ਦਾ ਪ੍ਰਸਤਾਵ ਕੀਤਾ ਸੀ। ਇਸ ਦਾ ਮਤਲਬ ਹੈ ਕਿ ਕੱਲ੍ਹ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।