Canada and India ਨੇ ਆਪਸੀ ਸਬੰਧਾਂ ਨੂੰ ਸੁਧਾਰਨ ਲਈ ਪਹਿਲਕਦਮੀਆਂ ਕੀਤੀਆਂ ਸ਼ੁਰੂ
ਕੈਨੇਡਾ ਦੇ ਐਨ.ਐਸ.ਏ. ਅਧਿਕਾਰੀ ਨੇ ਅਜੀਤ ਡੋਵਾਲ ਨਾਲ ਕੀਤੀ ਗੱਲਬਾਤ
Canada and India news : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਕੈਨੇਡਾ ਦੇ ਸਬੰਧ ਚੰਗੇ ਨਹੀਂ ਸਨ। ਉਸ ਸਮੇਂ ਕੈਨੇਡਾ ਨੇ ਭਾਰਤ ’ਤੇ ਕਈ ਗੰਭੀਰ ਆਰੋਪ ਲਗਾਏ ਸਨ। ਜਿਸ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ਵਿੱਚ ਕੁੜੱਤਣ ਆਈ। ਜਦਕਿ ਹੁਣ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਨ ਲਈ ਪਹਿਲਕਦਮੀਆਂ ਸ਼ੁਰੂ ਹੋ ਗਈਆਂ ਹਨ। ਕੈਨੇਡਾ ਦੀ ਐਨ.ਐਸ.ਏ. ਨਥਾਲੀ ਡ੍ਰੋਇਨ ਅਤੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ, ਜਿਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਸੀ ਭਾਰਤ ਪਹੁੰਚੇ। ਉਨ੍ਹਾਂ ਨੇ ਐਨ.ਐਸ. ਏ. ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਸ ਫੇਰੀ ਨੂੰ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ।
ਦੋਹਾਂ ਦੇਸ਼ਾਂ ਵਿਚਕਾਰ ਐਨ.ਐਸ. ਏ. ਪੱਧਰੀ ਗੱਲਬਾਤ ਨੇ ਸਬੰਧਾਂ ਨੂੰ ਚੰਗੇ ਸਬੰਧਾਂ ’ਚ ਢਾਲਣ ਦੇ ਸੰਕੇਤ ਦਿੱਤੇ ਹਨ। ਇਸ ਮੁਲਾਕਾਤ ਨੂੰ ਇੱਕ ਵੱਡੇ ਮੋੜ ਵਜੋਂ ਦੇਖਿਆ ਜਾ ਰਿਹਾ ਹੈ। ਪੂਰੀ ਗੱਲਬਾਤ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡੀਅਨ ਐਨ.ਐਸ. ਏ. ਨੇ ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਗੱਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਉਸ ਸਮੇਂ ਡ੍ਰੋਇਨ ਅਤੇ ਮੌਰੀਸਨ ਨੇ ਜਾਣਕਾਰੀ ਲੀਕ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਇਸ ਪੂਰੀ ਕਾਰਵਾਈ ਦੇ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਦਾ ਹੱਥ ਸੀ ਜਦਕਿ ਭਾਰਤ ਨੇ ਤੁਰੰਤ ਇਨ੍ਹਾਂ ਆਰੋਪਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸਾਰੇ ਆਰੋਪਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਕਰਾਰ ਦਿੰਦੇ ਹੋਏ ਖਾਰਜ ਵੀ ਕਰ ਦਿੱਤਾ ਸੀ।